ਫਿਰੋਜ਼ਪੁਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਇਥੇ ਆਰਿਫ ਥਾਣਾ ਖੇਤਰ ਵਿਚ 18 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਲੜਕੀ ਦੇ ਮੂੰਹ ‘ਤੇ ਰੁਮਾਲ ਰੱਖ ਕੇ ਘਟਨਾ ਨੂੰ ਅੰਜਾਮ ਦਿੱਤਾ। ਲੜਕੀ ਦੀ ਸਿਹਤ ਵਿਗੜਨ ‘ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਪੀੜਤਾ ਨੇ ਦੱਸਿਆ ਹੈ ਕਿ 5 ਜੂਨ ਦੀ ਰਾਤ ਨੂੰ ਉਹ ਕਮਰੇ ‘ਚ ਸੌਂ ਰਹੀ ਸੀ। ਰਾਤ ਕਰੀਬ 11 ਵਜੇ ਮੁਲਜ਼ਮ ਜਰਨੈਲ ਸਿੰਘ ਵਾਸੀ ਮੁਲਤਾਨਵਾਲਾ ਉਸ ਦੇ ਕਮਰੇ ਵਿਚ ਦਾਖ਼ਲ ਹੋਇਆ। ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਮੂੰਹ ‘ਤੇ ਰੁਮਾਲ ਬੰਨ੍ਹ ਦਿੱਤਾ ਤੇ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ।

ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਆਰਿਫ ਦੇ ਇੰਚਾਰਜ ਪਰਮਜੀਤ ਕੌਰ ਨੇ ਜਰਨੈਲ ਸਿੰਘ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।