ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਬੇੜੀਆਂ ਮੁਹੱਲਾ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਦਿਨ-ਦਿਹਾੜੇ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ। ਕਤਲ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਜਾਣਕਾਰੀ ਮੁਤਾਬਕ ਬੇੜੀਆਂ ਮੁਹੱਲਾ ਦੀ ਰਹਿਣ ਵਾਲੀ ਪ੍ਰਵੇਸ਼ (50) ਘਰ ਵਿੱਚ ਇਕੱਲੀ ਸੀ। ਮ੍ਰਿਤਕਾ ਦਾ ਪਤੀ ਅਤੇ ਬੱਚੇ ਦੁਕਾਨ ‘ਤੇ ਸਨ। ਪ੍ਰਵੇਸ਼ ਦੇ ਪਤੀ ਨਰਿੰਦਰ ਨੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ‘ਤੇ ਕੰਮ ਕਰਨ ਵਾਲੇ ਸ਼ਾਲੂ ਨੂੰ ਘਰ ਰੋਟੀ ਦਾ ਡੱਬਾ ਲੈਣ ਭੇਜਿਆ, ਜਿਸ ਤੋਂ ਇਸ ਘਟਨਾ ਦਾ ਪਤਾ ਲੱਗਾ।
ਸ਼ਾਲੂ ਨੇ ਦੱਸਿਆ ਕਿ ਜਦੋਂ ਉਹ ਰੋਟੀ ਲੈਣ ਆਇਆ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਹੋਇਆ ਸੀ, ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪ੍ਰਵੇਸ਼ ਜ਼ਮੀਨ ‘ਤੇ ਡਿੱਗੀ ਹੋਈ ਸੀ ਅਤੇ ਉਸ ਦੇ ਸਿਰ ‘ਚੋਂ ਖੂਨ ਵਹਿ ਰਿਹਾ ਸੀ, ਕੋਲ ਕੱਚ ਦੀਆਂ ਬੋਤਲਾਂ ਟੁੱਟੀਆਂ ਹੋਈਆਂ ਸਨ ਅਤੇ ਸਮਾਨ ਵੀ ਖਿਲਰਿਆ ਹੋਇਆ ਸੀ। ਬਾਅਦ ਵਿੱਚ ਉਸ ਨੇ ਅਪਣੇ ਮਾਲਕ ਨੂੰ ਫੋਨ ਕਰ ਕੇ ਬੁਲਾਇਆ ਅਤੇ ਜ਼ਖਮੀ ਔਰਤ ਨੂੰ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।
ਮ੍ਰਿਤਕਾ ਦੇ ਪਤੀ ਨਰਿੰਦਰ ਨੇ ਦੱਸਿਆ ਕਿ ਮੈਂ ਦੁਕਾਨ ‘ਤੇ ਕੰਮ ਕਰਨ ਵਾਲੇ ਨੂੰ ਘਰੋਂ ਰੋਟੀ ਲੈਣ ਭੇਜਿਆ ਸੀ ਪਰ ਉਸ ਨੇ ਫੋਨ ਕਰ ਕੇ ਦੱਸਿਆ ਕਿ ਘਰ ‘ਚ ਪ੍ਰਵੇਸ਼ ਆਂਟੀ ਖੂਨ ਨਾਲ ਲਥਪਥ ਡਿੱਗੀ ਹੋਈ ਹੈ ਅਤੇ ਸਿਰ ਵਿਚ ਸੱਟ ਲੱਗੀ ਹੋਈ ਹੈ, ਜਿਸ ‘ਤੇ ਮੈਂ ਘਰ ਪਹੁੰਚ ਕੇ ਅਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਡੀਐੱਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੇੜੀਆਂ ਮੁਹੱਲੇ ਵਿੱਚ ਕਿਸੇ ਦੀ ਹੱਤਿਆ ਹੋਈ ਹੈ। ਉਨ੍ਹਾਂ ਮੌਕਾ ‘ਤੇ ਪਹੁੰਚ ਕੇ ਦੇਖਿਆ ਤਾਂ ਇਕ ਔਰਤ ਦੀ ਹੱਤਿਆ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)