ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਮਨੀਪੁਰ ‘ਚ ਹੋਈ ਹਿੰਸਾ ਦੇ ਵਿਰੋਧ ‘ਚ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ’ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਜਲੰਧਰ ਦੇ ਰਾਮਾਂ ਮੰਡੀ ਚੌਕ, ਲੰਬਾ ਪਿੰਡ ਚੌਕ, ਪਠਾਨਕੋਟ ਬਾਈਪਾਸ, ਕੰਗਨੀਵਾਲ, ਕਪੂਰਥਲਾ ਚੌਕ ਤੇ ਲਾਂਬੜਾ ਵਿਖੇ ਅੱਜ ਸਵੇਰੇ 9 ਤੋਂ ਸ਼ਾਮ 5 ਵਜੇ ਉਪਰੋਕਤ ਸਾਰਿਆਂ ਵਲੋਂ ਸ਼ਾਂਤੀਮਈ ਧਰਨਾ ਦਿੱਤਾ ਜਾਵੇਗਾ, ਜਿਸ ਕਾਰਨ ਕਈ ਸਕੂਲਾਂ ਨੇ ਅੱਜ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਨੀਪੁਰ ‘ਚ ਦਲਿਤ ਔਰਤਾਂ ’ਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਰੋਕਣ ‘ਚ ਨਾਕਾਮ ਰਹੀ ਹੈ। ਇਹ ਸ਼ਰਮਨਾਕ ਹੈ ਕਿ ਸਰਕਾਰ ਦੀ ਨਾਕਾਮੀ ਤੋਂ ਬਾਅਦ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਣਾ ਪਿਆ।

ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ ‘ਤੇ ਕਹਿਣਾ ਹੈ ਕਿ ਬੇਸ਼ੱਕ ਬਾਜ਼ਾਰ ਤੋਂ ਲੈ ਕੇ ਹਾਈਵੇ ਤੱਕ ਬੰਦ ਰਹਿਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਜਾਵੇਗਾ।

ਇਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਸਾਂਝੇ ਤੌਰ ’ਤੇ ਸ਼ਾਂਤਮਈ ਢੰਗ ਨਾਲ ਹਿੰਸਾ ਦਾ ਵਿਰੋਧ ਕਰ ਰਹੇ ਹਨ। ਦਿੱਤੇ ਬੰਦ ਦੇ ਸੱਦੇ ‘ਚ ਵੀ ਉਹ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨਗੇ। ਇਸਾਈ ਭਾਈਚਾਰੇ ਦੇ ਲੋਕ ਹੱਥਾਂ ‘ਚ ਪਵਿੱਤਰ ਗ੍ਰੰਥ ਬਾਈਬਲ ਲੈ ਕੇ ਸੜਕਾਂ ‘ਤੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਕਰਨਗੇ। ਧਰਨੇ ‘ਚ ਵੀ ਉਹ ਬਾਈਬਲ ਲੈ ਕੇ ਹੀ ਬੈਠੇਗਾ।