ਚੰਡੀਗੜ੍ਹ, 18 ਫਰਵਰੀ | ਕਿਸਾਨਾਂ ਦੀ ਅੱਜ ਕੇਂਦਰੀ ਮੰਤਰੀਆਂ ਨਾਲ ਚੌਥੇ ਦੌਰ ਦੀ ਮੀਟਿੰਗ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੋਣ ਜਾ ਰਹੀ ਹੈ। ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਵਿਚ ਸ਼ਾਮ 5.30 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ। ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਵਿਚ ਮੁੱਖ ਮੰਗਾਂ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ। ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕੁਝ ਹਾਂ-ਪੱਖੀ ਜਵਾਬ ਮਿਲਣਗੇ ਪਰ ਇਸ ਦੀ ਸੰਭਾਵਨਾ ਵੀ ਹਲਕੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਸਰਕਾਰ ਨੂੰ ਢਿੱਲ-ਮੱਠ ਦੀ ਨੀਤੀ ਤੋਂ ਬਚਣਾ ਚਾਹੀਦਾ ਹੈ। ਕਿਸਾਨ ਅੰਦੋਲਨ ਦਾ ਹੱਲ ਸਿਰਫ਼ 2 ਗੱਲਾਂ ਹਨ। ਇਕ ਐਮਐਸਪੀ ਗਾਰੰਟੀ ਕਾਨੂੰਨ ‘ਤੇ ਆਰਡੀਨੈਂਸ ਜਾਰੀ ਕਰਨਾ ਅਤੇ ਦੂਜਾ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਨੋਟੀਫਿਕੇਸ਼ਨ ਜਾਰੀ ਕਰਨਾ।

ਜੇਕਰ ਕੇਂਦਰੀ ਮੰਤਰੀ ਨੇ ਅੱਜ ਵੀ ਐਮਐਸਪੀ ਸਬੰਧੀ ਕੋਈ ਹੱਲ ਨਾ ਕੱਢਿਆ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਸਕਦੇ ਹਨ। ਦੂਜੇ ਪਾਸੇ ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਬੰਦ ਹੋਣ ਤੋਂ ਬਾਅਦ ਕਿਸਾਨ ਹੋਰ ਰੋਹ ਵਿਚ ਆ ਗਏ ਹਨ। ਜੇਕਰ ਸ਼ਾਮ ਦੀ ਮੀਟਿੰਗ ‘ਚ ਕੋਈ ਹੱਲ ਨਾ ਨਿਕਲਿਆ ਤਾਂ ਪੰਜਾਬ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਸਰਹੱਦ ‘ਤੇ ਹਾਲਾਤ ਹੋਰ ਵਿਗੜ ਸਕਦੇ ਹਨ।

ਅੱਜ SKU ਵੱਲੋਂ ਲੁਧਿਆਣਾ ਦੇ ਈਸੜੂ ਭਵਨ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੱਡਾ ਐਲਾਨ ਕੀਤਾ। ਆਪਣੀਆਂ ਮੰਗਾਂ ਨੂੰ ਲੈ ਕੇ 20, 21 ਤੇ 22 ਫਰਵਰੀ  ਨੂੰ ਪੰਜਾਬ ਭਰ ਦੇ ਟੋਲ-ਪਲਾਜ਼ੇ ਫ੍ਰੀ ਕਰਵਾਉਣ ਦਾ ਐਲਾਨ ਕੀਤਾ ਗਿਆ।

ਇਸ ਦੇ ਨਾਲ ਹੀ ਪੰਜਾਬ ਭਰ ਦੇ ਜਿੰਨੇ ਵੀ ਜ਼ਿਲ੍ਹਿਆਂ ਵਿਚ ਭਾਜਪਾ ਦੇ ਵੱਡੇ ਆਗੂ ਰਹਿੰਦੇ ਹਨ, ਉਨ੍ਹਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਘਰਾਂ ਅੰਦਰ ਬੀਜੇਪੀ ਦੇ ਵੱਡੇ ਲੀਡਰ ਨਾ ਮੌਜੂਦ ਹੋਏ ਤਾਂ ਪੰਜਾਬ ਦੇ ਡੀਸੀ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣਗੇ, ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਵੀ ਆਖਿਆ ਕਿ 22 ਤਰੀਕ ਨੂੰ ਨੈਸ਼ਨਲ ਪੱਧਰ ਉਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਇਕ ਮੀਟਿੰਗ ਕੀਤੀ ਜਾਵੇਗੀ। ਇਸ ਵਿਚ ਦੇਸ਼ ਵਿਆਪਕ ਵੱਡਾ ਅੰਦੋਲਨ ਛੇੜਿਆ ਜਾਵੇਗਾ। ਪੰਜਾਬ ਭਰ ‘ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਕੱਲ ਤੋਂ ਹੀ ਕਿਸਾਨਾਂ ਨੇ ਟੋਲ ਫ੍ਰੀ ਕਰਵਾ ਦਿੱਤੇ ਹਨ ਤੇ ਬਿਨਾਂ ਟੈਕਸ ਦਿੱਤੇ ਗੱਡੀਆਂ ਲੰਘ ਰਹੀਆਂ ਹਨ।

ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਗਰੁੱਪ ਵੀ ਕਿਸਾਨਾਂ ਦੇ ਸਮਰਥਨ ਲਈ ਮੈਦਾਨ ਵਿਚ ਆ ਗਿਆ ਹੈ।

ਅੱਜ ਕਿਸਾਨ ਅੰਦੋਲਨ ਦਾ 8ਵਾਂ ਦਿਨ ਹੈ। ਪੰਜਾਬ ਦੇ ਕਿਸਾਨ ਦਿੱਲੀ ਜਾਣ ਦੀ ਜ਼ਿੱਦ ਨਾਲ ਸ਼ੰਭੂ ਬਾਰਡਰ ‘ਤੇ ਡਟੇ ਹੋਏ ਹਨ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ  

https://www.facebook.com/punjabibulletinworld/videos/811027661070767