ਨਵੀਂ ਦਿੱਲੀ, 2 ਫਰਵਰੀ | CM ਮਾਨ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਮੇਅਰ ਚੋਣਾਂ ‘ਚ BJP ਦੀ ਨੀਅਤ ਸਾਫ ਹੁੰਦੀ ਤਾਂ ਅੱਜ ਦਿੱਲੀ ‘ਚ ‘ਆਪ’ ਨੂੰ ਪ੍ਰਦਰਸ਼ਨ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਵੀਡੀਓ ਰਾਹੀਂ ਵੋਟਾਂ ਕੱਟੀਆਂ। ਜੇ ਭਾਜਪਾ ਦੀ ਚੱਲੇ ਤਾਂ ਇਹ ਚੋਣਾਂ ਵੀ ਨਾ ਹੋਣ ਦੇਵੇ। ਲੋਕਤੰਤਰ ਖਤਰੇ ਵਿਚ ਪੈ ਗਿਆ ਹੈ। ‘ਆਪ’ ਵਲੋਂ ਦਿੱਲੀ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਖਿਲਾਫ ਸੜਕਾਂ ਉਤੇ ਆਪ ਦੇ ਲੀਡਰ ਉਤਰ ਗਏ ਹਨ। ਦਿੱਲੀ ਵਿਚ ਇਕ ਪਾਸੇ ਸਿਆਸੀ ਤੇ ਦੂਜੇ ਪਾਸੇ ਕਾਨੂੰਨੀ ਜੰਗ ਛੇੜ ਦਿੱਤੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਮੇਅਰ ਚੋਣਾਂ ‘ਚ ਧਾਂਦਲੀ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਦਿੱਲੀ ‘ਚ ਭਾਜਪਾ ਦੇ ਮੁੱਖ ਦਫਤਰ ਨੇੜੇ ਰੋਸ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਲਈ ਨਿਯੁਕਤ ਪ੍ਰੀਜ਼ਾਈਡਿੰਗ ਅਫਸਰ ਨੇ ਜਾਣਬੁੱਝ ਕੇ ਸਾਡੇ ਅੱਠ ਕੌਂਸਲਰਾਂ ਦੀਆਂ ਵੋਟਾਂ ਰੱਦ ਕਰਵਾ ਕੇ ਭਾਜਪਾ ਨੂੰ ਧੱਕੇ ਨਾਲ ਮੇਅਰ ਬਣਾਇਆ ਹੈ। ਇਸ ਕਰਕੇ ਇਹ ਪਾਰਟੀ ਵੱਲੋਂ ਜਾਰੀ ਹੈ।

ਚੰਡੀਗੜ੍ਹ ਮੇਅਰ ਚੋਣ ਦੇ ਨਤੀਜਿਆਂ ਖਿਲਾਫ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਨੇ ਇਸ ਪ੍ਰਦਰਸ਼ਨ ਨੂੰ ਰੋਕਣ ਲਈ ਕਈ ਥਾਵਾਂ ‘ਤੇ ਬੈਰੀਕੇਡ ਲਗਾ ਦਿੱਤੇ ਸਨ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਧਰਨੇ ਵਿਚ ਸ਼ਾਮਲ ਹੋਣ ਲਈ ਆ ਰਹੇ ਕੁਝ ‘ਆਪ’ ਵਰਕਰਾਂ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਪੁਲਿਸ ਨੇ ਰੋਕ ਲਿਆ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਆਤਿਸ਼ੀ ਸੌਰਭ ਭਾਰਦਵਾਜ ਤੱਕ ਅਤੇ ਕਈ ਹੋਰ ਨੇਤਾ ਆਪਣੇ ਸੋਸ਼ਲ ਮੀਡੀਆ ‘ਤੇ ਇਸ ਖਿਲਾਫ ਪੋਸਟ ਕਰ ਰਹੇ ਹਨ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਸਿੰਘੂ ਬਾਰਡਰ ‘ਤੇ 25 ‘ਆਪ’ ਵਰਕਰਾਂ ਨੂੰ ਹਿਰਾਸਤ ‘ਚ ਲਿਆ ਹੈ। ਇਹ ਸਾਰੇ ਪਾਰਟੀ ਦੀ ਪੰਜਾਬ ਅਤੇ ਹਰਿਆਣਾ ਇਕਾਈ ਦੇ ਵਰਕਰ ਹਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ਨੂੰ ਤਸਦੀਕ ਤੋਂ ਬਾਅਦ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।