ਮੋਹਾਲੀ/ਹਰਿਆਣਾ, 20 ਜਨਵਰੀ | ਮੋਹਾਲੀ ਦੀ ਅਦਾਲਤ ਨੇ ਬਲਾਤਕਾਰ ਦੇ ਇਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਹਰਿਆਣਾ ਦੇ ਕਰਨਾਲ ਜ਼ਿਲੇ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਖਿਲਾਫ਼ 2022 ‘ਚ ਇਕ ਔਰਤ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਮੋਹਾਲੀ ਦੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ। ਜਤਿੰਦਰ ਕੁਮਾਰ ਦੇ ਵਕੀਲ ਵਿਸ਼ਾਲ ਰਤਨਾ ਨੇ ਦੱਸਿਆ ਕਿ ਔਰਤ ਨੇ ਜਤਿੰਦਰ ਕੁਮਾਰ ‘ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਦਾ ਦੋਸ਼ ਲਗਾਇਆ ਸੀ।

ਉਸ ਨੇ ਅਦਾਲਤ ਨੂੰ ਕਿਹਾ ਕਿ ਔਰਤ ਜਤਿੰਦਰ ਕੁਮਾਰ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਸ਼ ਲਗਾਉਣ ਵਾਲੀ ਔਰਤ ਨੂੰ ਪਤਾ ਸੀ ਕਿ ਜਤਿੰਦਰ ਕੁਮਾਰ ਵਿਆਹਿਆ ਹੋਇਆ ਹੈ। ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਕੋਈ ਔਰਤ ਸੱਚ ਜਾਣ ਕੇ ਕਿਸੇ ਵਿਅਕਤੀ ਨਾਲ ਸਰੀਰਕ ਸਬੰਧ ਬਣਾ ਰਹੀ ਹੈ ਤਾਂ ਇਸ ਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਪਾਇਆ ਕਿ ਜਤਿੰਦਰ ਕੁਮਾਰ ‘ਤੇ ਬਲਾਤਕਾਰ ਦੇ ਦੋਸ਼ ਝੂਠੇ ਹਨ, ਇਸ ਲਈ ਉਸ ਨੂੰ ਇਸ ਮਾਮਲੇ ‘ਚ ਬਰੀ ਕੀਤਾ ਜਾਂਦਾ ਹੈ।

ਵਰਣਨਯੋਗ ਹੈ ਕਿ ਪੀੜਤ ਔਰਤ ਨੇ ਇਸ ਤੋਂ ਪਹਿਲਾਂ 25 ਮਈ 2022 ਨੂੰ ਪਿੰਜੌਰ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਜਤਿੰਦਰ ਕੁਮਾਰ ਨੇ ਵਿਆਹ ਦਾ ਝਾਂਸਾ ਦੇ ਕੇ ਢਕੌਲੀ ਦੇ ਇਕ ਹੋਟਲ ਵਿਚ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਢਕੌਲੀ ਇਲਾਕੇ ਦਾ ਹੋਣ ਕਾਰਨ ਇਹ ਕੇਸ ਢਕੌਲੀ ਥਾਣੇ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਪੁਲਿਸ ਨੇ 25 ਮਈ ਨੂੰ ਜਤਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। 2 ਮਹੀਨੇ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ। ਇਸ ਮਾਮਲੇ ਦੀ ਸੁਣਵਾਈ ਮੋਹਾਲੀ ਅਦਾਲਤ ਵਿਚ ਚੱਲ ਰਹੀ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਫ਼ੈਸਲਾ ਸੁਣਾਇਆ ਗਿਆ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)