ਨਵੀਂ ਦਿੱਲੀ, 4 ਫਰਵਰੀ | ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਦੋਸ਼ਾਂ ਦੀ ਚੱਲ ਰਹੀ ਜਾਂਚ ਦੌਰਾਨ ਆਇਆ ਹੈ।

ਦਿੱਲੀ ਦੇ ਰੋਹਿਣੀ ‘ਚ ਇਕ ਸਕੂਲ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ‘ਆਪ’ ਸੁਪਰੀਮੋ ਨੇ ਕਿਹਾ ਕਿ ‘ਉਹ ਸਾਡੇ ਖਿਲਾਫ਼ ਕੋਈ ਵੀ ਸਾਜ਼ਿਸ਼ ਰਚ ਸਕਦੇ ਹਨ ਪਰ ਮੈਂ ਵੀ ਦ੍ਰਿੜ੍ਹ ਹਾਂ। ਮੈਂ ਤਾਨਾਸ਼ਾਹੀ ਅੱਗੇ ਝੁਕਣ ਵਾਲਾ ਨਹੀਂ। ਉਹ ਮੈਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਕਹਿ ਰਹੇ ਹਨ, ਫਿਰ ਮੈਨੂੰ ਸਾਰੇ ਕੇਸਾਂ ਵਿਚੋਂ ਛੱਡਣ ਦੀ ਗੱਲ ਕਰ ਰਹੇ ਹਨ ਪਰ ਮੈਂ ਕਦੇ ਵੀ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗਾ।

ਕੇਜਰੀਵਾਲ ਨੇ ਆਪਣੇ ਭਾਸ਼ਣ ‘ਚ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰਾਸ਼ਟਰੀ ਬਜਟ ਦਾ ਸਿਰਫ਼ 4 ਫੀਸਦੀ ਸਕੂਲਾਂ ਅਤੇ ਹਸਪਤਾਲਾਂ ‘ਤੇ ਖਰਚ ਕਰਦੀ ਹੈ। ਜਦੋਂਕਿ ਦਿੱਲੀ ਸਰਕਾਰ ਹਰ ਸਾਲ ਆਪਣੇ ਬਜਟ ਦਾ 40 ਫੀਸਦੀ ਖਰਚ ਕਰਦੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਾਰੀਆਂ ਏਜੰਸੀਆਂ ਸਾਡੇ ਮਗਰ ਲੱਗੀਆਂ ਹੋਈਆਂ ਹਨ। ਮਨੀਸ਼ ਸਿਸੋਦੀਆ ਦੀ ਗਲਤੀ ਇਹ ਹੈ ਕਿ ਉਹ ਚੰਗੇ ਸਕੂਲ ਬਣਾ ਰਹੇ ਸਨ। ਸਤੇਂਦਰ ਜੈਨ ਦੀ ਗਲਤੀ ਇਹ ਹੈ ਕਿ ਉਹ ਚੰਗੇ ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾ ਰਹੇ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਮਨੀਸ਼ ਸਿਸੋਦੀਆ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੰਮ ਨਾ ਕੀਤਾ ਹੁੰਦਾ ਤਾਂ ਉਹ ਅਜਿਹਾ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਪਰ ਸਾਨੂੰ ਰੋਕ ਨਹੀਂ ਸਕੇ। ਕੇਜਰੀਵਾਲ ਨੇ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੰਦੇ ਰਹਿਣ ਅਤੇ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ।