ਜਲੰਧਰ, 26 ਅਕਤੂਬਰ | ਪ੍ਰਸ਼ਾਸਨਿਕ ਦਫ਼ਤਰ ਦੀ ਐਚਆਰਸੀ ਸ਼ਾਖਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜਲੰਧਰ ਦਿਹਾਤ ਵਿਚ ਲੋਹੀਆਂ ਖਾਸ ਤੋਂ ਸਾਬਕਾ ਕੌਂਸਲਰ ਦਾ ਪਤੀ ਅਮਨਦੀਪ ਸਿੰਘ ਅਧਿਕਾਰੀ ਦੇ ਦਫ਼ਤਰ ਅੰਦਰ ਸਰਕਾਰੀ ਰਿਕਾਰਡ ਵਾਲਾ ਰਜਿਸਟਰ ਪਾੜ ਕੇ ਉਥੋਂ ਭੱਜ ਗਿਆ। ਇਹ ਘਟਨਾ ਸ਼ੁੱਕਰਵਾਰ ਨੂੰ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਕਮਰਾ ਨੰਬਰ 207 ‘ਚ ਵਾਪਰੀ।

ਹਾਲਾਂਕਿ ਰਿਕਾਰਡ ਫਾੜਨ ਵਾਲੇ ਦੋਸ਼ੀ ਨੂੰ ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੇ ਫੜ ਲਿਆ ਹੈ। ਥਾਣਾ ਬਾਰਾਦਰੀ ਦੀ ਪੁਲੀਸ ਨੇ ਇਸ ਮਾਮਲੇ ਵਿਚ 7/51 ਦੀ ਰਿਪੋਰਟ ਦਰਜ ਕੀਤੀ ਸੀ। ਬਾਅਦ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਾਮਲੇ ਦੀ ਸ਼ਿਕਾਇਤ ਜਲੰਧਰ ਸਿਟੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣੇ ਲੜਕੇ ਹਰਮਦੀਪ ਸਿੰਘ ਨਾਲ ਪ੍ਰਬੰਧਕੀ ਕੰਪਲੈਕਸ ਵਿਖੇ ਆਇਆ ਹੋਇਆ ਸੀ। ਜਦੋਂ ਪਿਤਾ ਉਥੋਂ ਜਾਣ ਲੱਗੇ ਤਾਂ ਪੁੱਤਰ ਹਰਮਨਦੀਪ ਸਿੰਘ ਰਿਕਾਰਡ ਰੂਮ ਵਿਚ ਹੀ ਰਹਿ ਗਿਆ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਨੌਜਵਾਨ ਨੂੰ ਉੱਥੇ ਹੀ ਬਿਠਾ ਦਿੱਤਾ।

ਕੁਝ ਸਮੇਂ ਬਾਅਦ ਜਦੋਂ ਅਮਨਦੀਪ ਆਪਣੇ ਲੜਕੇ ਨੂੰ ਲੈਣ ਵਾਪਸ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਵੀ ਫੜ ਲਿਆ। ਵਾਪਸ ਆਉਣ ’ਤੇ ਉਸ ਨੇ ਰਿਕਾਰਡ ਰਜਿਸਟਰ ’ਚੋਂ ਫਟੇ ਹੋਏ ਦਸਤਾਵੇਜ਼ ਦਾ ਕੁਝ ਹਿੱਸਾ ਹੀ ਵਾਪਸ ਕੀਤਾ, ਜਿਸ ਤੋਂ ਬਾਅਦ ਸਬੰਧਤ ਵਿਭਾਗ ਦੇ ਮੁਲਾਜ਼ਮਾਂ ਨੇ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਬੁਲਾ ਕੇ ਸਰਕਾਰੀ ਰਿਕਾਰਡ ਨੂੰ ਪਾੜਨ/ਛੇੜਛਾੜ ਕਰਨ ਦੀ ਸ਼ਿਕਾਇਤ ਕਰ ਕੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਘਟਨਾ ਸਬੰਧੀ ਜਦੋਂ ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਤੁਰੰਤ ਇੱਕ ਟੀਮ ਮੌਕੇ ‘ਤੇ ਰਵਾਨਾ ਕੀਤੀ ਗਈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵਾਂ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ, ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਮਾਮਲੇ ਦੀ ਐਫਆਈਆਰ ਸਬੰਧੀ ਕਾਰਵਾਈ ਕਰੇਗੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)