ਪਤੀ ਦੇ ਸੀ ਆਪਣੇ ਦੋਸਤ ਨਾਲ ਸਮਲਿੰਗੀ ਸਬੰਧ, ਦੁੱਖੀ ਪਤਨੀ ਨੇ ਚੁੱਕ ਲਿਆ ਖੌਫਨਾਕ ਕਦਮ
ਕੋਟਕਪੂਰਾ, 1 ਜਨਵਰੀ | ਇੱਥੇ ਜੈਤੋ ਰੋਡ ’ਤੇ ਇੱਕ ਵਿਆਹੁਤਾ ਨੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰੀਨਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੇ ਜਵਾਈ ਦੇ ਇਕ ਵਿਅਕਤੀ ਨਾਲ ਸਮਲਿੰਗੀ ਸਬੰਧ ਸਨ, ਜਿਸ ਕਾਰਨ ਉਸ ਦੀ ਧੀ ਨੇ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਲਈ। ਪਿੰਡ ਗੱਜਣ ਸਿੰਘ ਵਾਸੀ ਸਾਧੂ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2015 ਵਿਚ ਕੋਟਕਪੂਰਾ ਵਾਸੀ ਸੋਨੂੰ ਨਾਲ ਹੋਇਆ ਸੀ। ਉਸ ਦਾ ਇੱਕ ਬੱਚਾ ਵੀ ਹੈ। ਰੀਨਾ ਅਤੇ ਸੋਨੂੰ ਇਕ ਧਾਰਮਿਕ ਰਸਮ ਲਈ ਧਾਰਮਿਕ ਸਥਾਨ ‘ਤੇ ਗਏ ਹੋਏ ਸਨ। ਸੋਨੂੰ ਦਾ ਦੋਸਤ ਵੀ ਉਸ ਦੇ ਨਾਲ ਗਿਆ। ਇਸ ਦੌਰਾਨ ਰੀਨਾ ਨੂੰ ਪਤਾ ਲੱਗਾ ਕਿ ਸੋਨੂੰ ਅਤੇ ਉਸ ਦਾ ਦੋਸਤ ਸਮਲਿੰਗੀ ਸਬੰਧਾਂ ਵਿਚ ਹਨ।
ਉਸ ਦੇ ਵਿਰੋਧ ਦੇ ਬਾਵਜੂਦ ਸੋਨੂੰ ਨੇ ਆਪਣੀਆਂ ਹਰਕਤਾਂ ਬੰਦ ਨਹੀਂ ਕੀਤੀਆਂ ਸਗੋਂ ਉਸ ਦੀ ਬੇਟੀ ਨੂੰ ਘਰ ਛੱਡਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਘਰ ‘ਚ ਲੜਾਈ-ਝਗੜਾ ਰਹਿੰਦਾ ਸੀ ਅਤੇ ਇਸੇ ਕਾਰਨ ਰੀਨਾ ਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਮ੍ਰਿਤਕਾ ਦੇ ਪਤੀ ਅਤੇ ਉਸ ਦੇ ਸਾਥੀ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
Related Post