ਕਰਨਾਟਕ | ਕਰਨਾਟਕ ਹਾਈਕੋਰਟ ਨੇ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੀ ਕਾਲ ਡਿਟੇਲ ਲੈਣ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਵਿਅਕਤੀ ਦੀ ਨਿੱਜਤਾ ਦੀ ਉਲੰਘਣਾ ਹੈ। ਹਾਈਕੋਰਟ ਨੇ ਇਹ ਫੈਸਲਾ ਇਕ ਵਿਅਕਤੀ ਦੀ ਪਟੀਸ਼ਨ ‘ਤੇ ਦਿੱਤਾ ਹੈ। ਫੈਮਿਲੀ ਕੋਰਟ ਨੇ ਪਟੀਸ਼ਨਕਰਤਾ ਦੀ ਕਾਲ ਡਿਟੇਲ ਰਿਪੋਰਟ ਕੱਢਣ ਦਾ ਹੁਕਮ ਦਿੱਤਾ ਸੀ।

ਪਟੀਸ਼ਨਕਰਤਾ ਨੇ ਕਿਹਾ ਕਿ ਫੈਮਿਲੀ ਕੋਰਟ ‘ਚ ਪਤੀ-ਪਤਨੀ ਦੇ ਵਿਆਹ ਦੇ ਵਿਵਾਦ ‘ਚ ਪਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸ ਨੂੰ ਸਾਬਤ ਕਰਨ ਲਈ ਪਤੀ ਨੇ ਉਸ ਦੀ ਦੀ ਕਾਲ ਡਿਟੇਲ ਚੈੱਕ ਕਰਨ ਲਈ ਕਿਹਾ ਸੀ। ਪਤੀ ਦੀ ਪਟੀਸ਼ਨ ‘ਤੇ ਪਰਿਵਾਰਕ ਅਦਾਲਤ ਨੇ ਮੋਬਾਈਲ ਕੰਪਨੀ ਨੂੰ ਕਾਲ ਡਿਟੇਲ ਦੇ ਨਾਲ-ਨਾਲ ਪਟੀਸ਼ਨਕਰਤਾ ਦੀ ਮੋਬਾਈਲ ਲੋਕੇਸ਼ਨ ਦੇਣ ਦਾ ਹੁਕਮ ਦਿੱਤਾ ਸੀ। ਇਸ ਹੁਕਮ ਵਿਰੁੱਧ ਪਟੀਸ਼ਨਕਰਤਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਉਸ ਨੇ ਕਰਨਾਟਕ ਹਾਈ ਕੋਰਟ ਨੂੰ ਦੱਸਿਆ ਕਿ ਉਹ ਵਿਵਾਦ ਵਿੱਚ ਇੱਕ ਤੀਜੀ ਧਿਰ ਸੀ ਅਤੇ ਉਸ ਨੂੰ ਨਾਜਾਇਜ਼ ਸਬੰਧਾਂ ਦੇ ਦੋਸ਼ ਵਿੱਚ ਫਸਾਇਆ ਜਾ ਰਿਹਾ ਸੀ, ਜਿਸ ਤੋਂ ਹਾਈਕੋਰਟ ਦੇ ਜਸਟਿਸ ਐਮ. ਨਾਗਪ੍ਰਸੰਨਾ ਨੇ ਕਿਹਾ ਕਿ ਇਸ ਮਾਮਲੇ ‘ਚ ਪਟੀਸ਼ਨਕਰਤਾ ਦਾ ਮੋਬਾਈਲ ਡਿਟੇਲ ਨਹੀਂ ਲਿਆ ਜਾ ਸਕਦਾ। ਇਹ ਉਸ ਦੀ ਨਿੱਜਤਾ ਦੀ ਉਲੰਘਣਾ ਹੈ। ਅਦਾਲਤ ਨੇ ਮੋਬਾਈਲ ਕੰਪਨੀ ਨੂੰ ਦਿੱਤੇ ਫੈਮੀ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।

ਸੰਵਿਧਾਨ ਨੇ ਨਿੱਜਤਾ ਦਾ ਅਧਿਕਾਰ ਦਿੱਤਾ ਹੈ
ਜਸਟਿਸ ਨਾਗਪ੍ਰਸੰਨਾ ਨੇ ਕਿਹਾ- ਭਾਰਤ ਦੇ ਸੰਵਿਧਾਨ ਦੀ ਧਾਰਾ 21 ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਦਿੱਤੇ ਗਏ ਜੀਵਨ ਅਤੇ ਆਜ਼ਾਦੀ ਦੇ ਅਧਿਕਾਰ ਵਿੱਚ ਨਿੱਜਤਾ ਦਾ ਅਧਿਕਾਰ ਵੀ ਸ਼ਾਮਲ ਹੈ। ਇਕੱਲੇ ਰਹਿਣਾ ਇੱਕ ਅਧਿਕਾਰ ਹੈ। ਇੱਕ ਨਾਗਰਿਕ ਨੂੰ ਆਪਣੀ, ਆਪਣੇ ਪਰਿਵਾਰ, ਵਿਆਹ ਅਤੇ ਹੋਰ ਆਮ ਰਿਸ਼ਤਿਆਂ ਦੀ ਨਿੱਜਤਾ ਦੀ ਰੱਖਿਆ ਕਰਨ ਦਾ ਅਧਿਕਾਰ ਹੈ।

ਕਿਸੇ ਵਿਅਕਤੀ ਦੇ ਨਿੱਜੀ ਵੇਰਵੇ ਵੀ ਉਸ ਦੀ ਨਿੱਜਤਾ ਦਾ ਹਿੱਸਾ ਹਨ। ਇਸ ਲਈ, ਫੈਮਿਲੀ ਕੋਰਟ ਨੂੰ ਪਟੀਸ਼ਨਕਰਤਾ ਨਾਲ ਸਬੰਧਤ ਮੋਬਾਈਲ ਫੋਨ ਦੇ ਵੇਰਵਿਆਂ ਨੂੰ ਕਾਰਵਾਈ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ, ਜਿਸ ਵਿੱਚ ਉਹ ਇੱਕ ਤੀਜੀ ਧਿਰ ਹੈ। ਇਹ ਨਿੱਜਤਾ ਦੀ ਉਲੰਘਣਾ ਹੈ।
ਹੁਣ ਜਾਣੋ ਕੀ ਹੈ ਪੂਰਾ ਮਾਮਲਾ

23 ਫਰਵਰੀ, 2019 ਨੂੰ, ਫੈਮਿਲੀ ਕੋਰਟ, ਬੈਂਗਲੁਰੂ ਨੇ ਮੋਬਾਈਲ ਕੰਪਨੀ ਨੂੰ ਪਟੀਸ਼ਨਕਰਤਾ ਦੇ ਮੋਬਾਈਲ ਟਾਵਰਾਂ ਦਾ ਰਿਕਾਰਡ ਅਦਾਲਤ ਨੂੰ ਸੌਂਪਣ ਦਾ ਹੁਕਮ ਦਿੱਤਾ (ਜਿਸ ਦੇ ਹੱਕ ਵਿੱਚ ਹੁਣ ਹਾਈ ਕੋਰਟ ਨੇ ਹੁਕਮ ਦਿੱਤਾ ਹੈ)। ਦਰਅਸਲ, 2018 ਵਿੱਚ ਇੱਕ 37 ਸਾਲਾ ਔਰਤ ਨੇ ਇਸ ਫੈਮਿਲੀ ਕੋਰਟ ਵਿੱਚ ਆਪਣੇ ਪਤੀ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਸੀ।

ਇਸ ਮਾਮਲੇ ‘ਚ ਔਰਤ ਦੇ ਪਤੀ ਨੇ ਪਟੀਸ਼ਨਕਰਤਾ ਨਾਲ ਪਤਨੀ ਦੇ ਨਾਜਾਇਜ਼ ਸਬੰਧਾਂ ਦੀ ਗੱਲ ਕਹੀ ਸੀ । ਉਸ ਨੇ ਅਦਾਲਤ ਨੂੰ ਉਸ ਦੇ ਮੋਬਾਈਲ ਦੇ ਵੇਰਵੇ ਕੱਢਣ ਲਈ ਕਿਹਾ ਸੀ, ਜਿਸ ਨਾਲ ਉਸ ਦੀ ਲੋਕੇਸ਼ਨ ਟਰੇਸ ਹੋ ਜਾਵੇਗੀ ਅਤੇ ਉਹ ਇਹ ਸਾਬਤ ਕਰ ਸਕੇਗਾ ਕਿ ਉਹ ਉਸ ਦੀ ਗੈਰ-ਹਾਜ਼ਰੀ ਵਿਚ ਉਸ ਦੇ ਘਰ ਜਾਂਦਾ ਸੀ।