ਲੁਧਿਆਣਾ, 10 ਅਕਤੂਬਰ | ਵਿਆਹ ‘ਚ ਜਾਣ ਤੋਂ ਮਨ੍ਹਾ ਕਰਨ ‘ਤੇ ਗੁੱਸੇ ‘ਚ ਆਏ ਪਤੀ ਨੇ ਪਤਨੀ ਨੂੰ ਬੈਲਟ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਜਦੋਂ ਲੜਕੀ ਦੇ ਪਰਿਵਾਰ ਵਾਲੇ ਵਿਆਹੁਤਾ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੀਰਵਾਰ ਨੂੰ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਆਹੁਤਾ ਰੀਨਾ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਤਾਜਪੁਰ ਰੋਡ ‘ਤੇ ਰਹਿੰਦਾ ਹੈ। 12 ਸਾਲ ਪਹਿਲਾਂ ਉਸ ਦੀ ਭੈਣ ਰੀਨਾ ਦਾ ਵਿਆਹ ਤਾਜਪੁਰ ਰੋਡ ਦੇ ਰਹਿਣ ਵਾਲੇ ਗਗਨਦੀਪ ਚੋਪੜਾ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਉਸ ਦੇ ਸਹੁਰਿਆਂ ਨੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਗਗਨਦੀਪ ਪਹਿਲਾਂ ਵੀ ਕਈ ਵਾਰ ਉਸ ਦੀ ਭੈਣ ਦੀ ਕੁੱਟਮਾਰ ਕਰਦਾ ਸੀ।
ਬੀਤੀ ਰਾਤ ਜਦੋਂ ਗਗਨਦੀਪ ਨੇ ਆਪਣੀ ਪਤਨੀ ਰੀਨਾ ਨੂੰ ਬੱਚਿਆਂ ਸਮੇਤ ਵਿਆਹ ਸਮਾਗਮ ਵਿਚ ਜਾਣ ਲਈ ਕਿਹਾ ਤਾਂ ਰੀਨਾ ਨੇ ਵਿਆਹ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਰੀਨਾ ਨੇ ਕਿਹਾ ਸੀ ਕਿ ਉਹ ਨਵਰਾਤਰੀ ਦੌਰਾਨ ਵਰਤ ਰੱਖ ਰਹੀ ਸੀ, ਜਿਸ ਕਾਰਨ ਉਹ ਵਿਆਹ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੀ। ਵਾਰ-ਵਾਰ ਇਨਕਾਰ ਕਰਨ ‘ਤੇ ਗਗਨਦੀਪ ਗੁੱਸੇ ‘ਚ ਆ ਗਿਆ।
ਮ੍ਰਿਤਕ ਰੀਨਾ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਉਸ ਦੇ ਪਤੀ ਨੇ ਬੈਲਟ ਨਾਲ ਕੁੱਟਿਆ ਸੀ। ਉਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਗਗਨਦੀਪ ਵੱਲੋਂ ਉਸ ਦੀ ਭੈਣ ਨੂੰ ਕੁੱਟਿਆ ਜਾ ਰਿਹਾ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਭੈਣ ਖੂਨ ਨਾਲ ਲੱਥਪੱਥ ਪਈ ਸੀ ਅਤੇ ਗਗਨਦੀਪ ਭੱਜ ਗਿਆ। ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਥਾਣਾ ਡਿਵੀਜ਼ਨ ਨੰਬਰ 7 ਦਾ ਘਿਰਾਓ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਵੀ ਲਿਖਤੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।