ਕਪੂਰਥਲਾ, 27 ਨਵੰਬਰ | ਨਿੱਜੀ ਸਕੂਲ ਦੀ ਬੱਸ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਇੱਕ 8 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ, ਜਦਕਿ ਬਾਈਕ ਸਵਾਰ ਪਤੀ-ਪਤਨੀ ਅਤੇ ਡੇਢ ਸਾਲ ਦੀ ਬੱਚੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ।

ਮ੍ਰਿਤਕ ਲੜਕੀ ਦੀ ਪਛਾਣ 8 ਸਾਲਾ ਸੀਰਤ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਐਸਐਚਓ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਜ਼ੇਰੇ ਇਲਾਜ ਸੁਮਨ ਰਾਣੀ ਵਾਸੀ ਮਨਸੂਰਵਾਲ ਬੇਟ ਨੇ ਦੱਸਿਆ ਕਿ ਉਹ ਆਪਣੇ ਪਤੀ ਸਿਮਰਨਜੀਤ ਸਿੰਘ ਨਾਲ ਬਾਈਕ ‘ਤੇ ਆਪਣੀਆਂ 2 ਬੇਟੀਆਂ ਸੀਰਤ ਅਤੇ ਬਾਣੀ ਸਮੇਤ ਸ਼ੇਖੂਪੁਰ ਸਥਿਤ ਮਾਤਾ ਭੱਦਰਕਾਲੀ ਮੰਦਰ ‘ਚ ਮੱਥਾ ਟੇਕਣ ਲਈ ਗਈ ਸੀ।

ਜਦੋਂ ਉਹ ਮੱਥਾ ਟੇਕ ਕੇ ਆਪਣੇ ਘਰ ਵੱਲ ਜਾ ਰਹੇ ਸੀ ਤਾਂ ਪਿੰਡ ਹੋਠੀਆਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਬੱਸ ਦੇ ਹੇਠਾਂ ਆ ਗਈ, ਜਿਸ ਕਾਰਨ ਬਾਈਕ ਦੇ ਅੱਗੇ ਬੈਠੀ ਉਸ ਦੀ ਬੇਟੀ ਸੀਰਤ ਅਤੇ ਉਸ ਦਾ ਪਤੀ ਅਤੇ ਮੇਰੀ ਗੋਦੀ ‘ਚ ਬੈਠੀ ਮੇਰੀ ਬੇਟੀ ਬਾਣੀ ਗੰਭੀਰ ਜ਼ਖਮੀ ਹੋ ਗਏ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਅਤੇ ਬੇਕਾਬੂ ਹੋ ਕੇ ਬਾਈਕ ਨਾਲ ਟਕਰਾ ਗਈ। ਬੱਸ ਵਿਚ ਸਕੂਲੀ ਬੱਚੇ ਵੀ ਸਵਾਰ ਸਨ, ਜੋ ਸੁਰੱਖਿਅਤ ਹਨ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਬੱਸ ਵਿਚ ਬੈਠੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਬੱਸ ਵਿਚ ਲਿਜਾਇਆ ਗਿਆ।

ਜਾਂਚ ਅਧਿਕਾਰੀ ਮੂਰਤਾ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ 8 ਸਾਲਾ ਸੀਰਤ ਦੀ ਮੌਤ ਹੋ ਗਈ ਹੈ, ਜਦਕਿ ਬਾਈਕ ਚਾਲਕ ਸਿਮਰਜੀਤ ਸਿੰਘ ਦੀਆਂ ਦੋਵੇਂ ਲੱਤਾਂ ਵਿਚ ਫਰੈਕਚਰ ਹੋ ਗਿਆ। ਛੋਟੀ ਬੱਚੀ ਬਾਣੀ ਅਤੇ ਸੁਮਨ ਰਾਣੀ ਦੇ ਵੀ ਮੱਥੇ ‘ਤੇ ਸੱਟਾਂ ਲੱਗੀਆਂ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)