ਅੰਮ੍ਰਿਤਸਰ | ਹਿੰਦੂ ਨੇਤਾ ਸੁਧੀਰ ਸੂਰੀ ਕਤਲ ਕੇਸ ਦੇ ਦੋਸ਼ੀ ਸੰਦੀਪ ਸਿੰਘ ਨੂੰ ਅੰਮ੍ਰਿਤਸਰ ‘ਚ ਵੀਰਵਾਰ ਸਵੇਰੇ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਪੱਖਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਨੇ ਮੋਬਾਈਲ ਦੀ ਫੋਰੈਂਸਿਕ ਜਾਂਚ ਰਿਪੋਰਟ ਦੀ ਸਮੀਖਿਆ ਕਰਨ ਲਈ 2 ਦਿਨ ਦਾ ਸਮਾਂ ਮੰਗਿਆ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।
ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਦੋ ਦਿਨ ਪਹਿਲਾਂ ਫੋਰੈਂਸਿਕ ਵਿਭਾਗ ਤੋਂ ਮੋਬਾਈਲ ਦੇ ਵੇਰਵੇ ਪ੍ਰਾਪਤ ਹੋਏ ਸਨ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਦੋਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਸੀ। ਪੁਲੀਸ ਨੂੰ ਸੰਦੀਪ ਸਿੰਘ ਦੇ ਮੋਬਾਈਲ ਵਿੱਚੋਂ 1,44,910 ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਹੁਣ ਸ਼ਾਰਟਲਿਸਟ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਸੰਦੀਪ ਨਾਲ ਜੋੜਿਆ ਜਾ ਸਕੇ। ਇਸ ਦੇ ਆਧਾਰ ’ਤੇ ਪੁਲੀਸ ਨੇ ਦੋ ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ਦੂਜੇ ਪਾਸੇ ਪੁਲਿਸ ਨੇ ਸੰਦੀਪ ਦੀ ਕਾਲ ਡਿਟੇਲ ਵੀ ਖੋਜ ਲਈ ਹੈ, ਜਿਸ ਵਿਚ 81 ਨੰਬਰ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਸੰਦੀਪ ਪਿਛਲੇ ਇਕ ਸਾਲ ਤੋਂ ਲਗਾਤਾਰ ਸੰਪਰਕ ਵਿਚ ਸੀ। ਪੁਲਿਸ ਇਨ੍ਹਾਂ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ ਅਤੇ ਸ਼ੱਕੀ ਨੰਬਰਾਂ ਨੂੰ ਸ਼ਾਰਟਲਿਸਟ ਕਰਨ ਦਾ ਕੰਮ ਚੱਲ ਰਿਹਾ ਹੈ।