ਦਿੱਲੀ | AIUDF ਮੁਖੀ ਅਤੇ ਸੰਸਦ ਮੈਂਬਰ ਬਦਰੂਦੀਨ ਅਜ਼ਮਲ ਨੇ ਆਬਾਦੀ ਵਾਧੇ ‘ਤੇ ਕਿਹਾ ਸੀ, ‘ਉਹ (ਹਿੰਦੂ) 40 ਸਾਲ ਤੋਂ ਪਹਿਲਾਂ 2-3 ਪਤਨੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖਦੇ ਹਨ। ਇਸ ਤੋਂ ਬਾਅਦ ਬੱਚਾ ਪੈਦਾ ਕਰਨ ਦੀ ਕਾਬਲੀਅਤ ਕਿੱਥੇ ਹੈ। ਉਨ੍ਹਾਂ ਨੂੰ ਮੁਸਲਮਾਨ ਫਾਰਮੂਲਾ ਅਪਣਾਉਣਾ ਚਾਹੀਦਾ ਹੈ ਅਤੇ 18-20 ਸਾਲ ਦੀ ਉਮਰ ਵਿਚ ਆਪਣੇ ਬੱਚਿਆਂ ਦੇ ਵਿਆਹ ਕਰਵਾਉਣੇ ਚਾਹੀਦੇ ਹਨ।
ਉਨ੍ਹਾਂ ਨੇ ਭਾਜਪਾ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਸਰਕਾਰ ਹਰ ਥਾਂ ਮੁਸਲਮਾਨਾਂ ਨੂੰ ਅਲੱਗ ਕਰਨ ਉਤੇ ਲੱਗੀ ਹੋਈ ਹੈ। ਸਰਕਾਰ ਸਿਰਫ਼ ਹਿੰਦੂਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰ ਰਹੀ ਹੈ। ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੇ ਮੁਖੀ ਬਦਰੂਦੀਨ ਅਜ਼ਮਲ ਨੇ ਕਿਹਾ ਕਿ ਮੁਸਲਮਾਨਾਂ ਨੂੰ ਵੀ ਮਜ਼ਬੂਤ ਬਣਨਾ ਚਾਹੀਦਾ ਹੈ।
ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੇ ਮੁਖੀ ਬਦਰੂਦੀਨ ਅਜ਼ਮਲ ਆਬਾਦੀ ਵਾਧੇ ਉਤੇ ਦਿੱਤੇ ਵਿਵਾਦਪੂਰਨ ਬਿਆਨਾਂ ਵਿਚ ਘਿਰੇ ਨਜ਼ਰ ਆ ਰਹੇ ਹਨ। ਅਜ਼ਮਲ ਦੇ ਬਿਆਨ ਕਿ ‘ਹਿੰਦੂ ਵਿਆਹ ਤੋਂ ਪਹਿਲਾਂ 2-3 ਪਤਨੀਆਂ ਰੱਖਦੇ ਹਨ’ ਦੀ ਚਾਰੋਂ ਪਾਸੇ ਆਲੋਚਨਾ ਹੋ ਰਹੀ ਹੈ।
ਯੂਪੀ ਦੇ ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੇ ਇਸ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਕਰਾਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਉਹ ਸੁਰਖੀਆਂ ਵਿਚ ਰਹਿਣ ਲਈ ਅਜਿਹੇ ਬਿਆਨ ਦੇ ਰਹੇ ਹਨ।