ਸੰਗਰੂਰ, 10 ਫਰਵਰੀ | ਪਿੰਡ ਪੁੰਨੇਵਾਲ ‘ਚ ਇੱਕ ਹਿੰਦੂ ਪੰਡਿਤ ਪਰਿਵਾਰ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਆਪਣੀ ਨਿੱਜੀ ਜ਼ਮੀਨ ਵਿੱਚ ਮਸਜਿਦ ਬਣਾ ਕੇ ਤੋਹਫ਼ੇ ਵਜੋਂ ਦਿੱਤੀ ਹੈ। ਇਸ ਮਸਜਿਦ ਦਾ ਉਦਘਾਟਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕੀਤਾ।

ਪੰਡਿਤ ਜਸਪਾਲ ਰਾਮ ਅਤੇ ਪੰਡਿਤ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਮੁਸਲਿਮ ਪਰਿਵਾਰਾਂ ਕੋਲ ਨਮਾਜ਼ ਪੜ੍ਹਨ ਲਈ ਕੋਈ ਥਾਂ ਨਹੀਂ ਸੀ ਅਤੇ ਉਨ੍ਹਾਂ ਨੂੰ ਦੂਸਰੇ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਇਸੇ ਕਮੀ ਨੂੰ ਦੇਖਦਿਆਂ ਪੰਡਿਤ ਪਰਿਵਾਰ ਨੇ ਆਪਣੀ ਜ਼ਮੀਨ ਦਾਨ ਕਰਨ ਅਤੇ ਮਸਜਿਦ ਦੀ ਉਸਾਰੀ ਕਰਵਾਉਣ ਦਾ ਫੈਸਲਾ ਲਿਆ। ਅੱਜ ਮਸਜਿਦ ਮੁਕੰਮਲ ਹੋਣ ‘ਤੇ ਪਰਿਵਾਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੇ ਮੁਸਲਿਮ ਭਰਾਵਾਂ ਨੂੰ ਬਾਹਰ ਨਹੀਂ ਜਾਣਾ ਪਵੇਗਾ।

ਇਸ ਮੌਕੇ ਸ਼ਾਹੀ ਇਮਾਮ ਪੰਜਾਬ ਨੇ ਪੰਡਿਤ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਅਜਿਹੀ ਮੁਹੱਬਤ ਪੰਜਾਬ ਤੋਂ ਸਿੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਇਸ ਧਰਤੀ ‘ਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਅਤੇ ਹਿੰਦੂ-ਮੁਸਲਿਮ-ਸਿੱਖ ਇੱਥੇ ਹਮੇਸ਼ਾ ਮਿਲ ਕੇ ਰਹਿੰਦੇ ਆਏ ਹਨ। ਪਿੰਡ ਦੇ ਸਰਪੰਚ ਮੱਕੜ ਜੀ ਨੇ ਵੀ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ।