ਹਿਮਾਚਲ | ਇਥੋਂ ਬਣੀਆਂ 16 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਕੇਂਦਰੀ ਡਰੱਗ ਕੰਟਰੋਲਰ ਸਟੈਂਡਰਡ ਆਰਗੇਨਾਈਜੇਸ਼ਨ ਵੱਲੋਂ ਦੇਸ਼ ਭਰ ਵਿਚੋਂ ਭਰੇ ਗਏ 1348 ਨਮੂਨਿਆਂ ਵਿਚੋਂ 67 ਨਮੂਨੇ ਫੇਲ ਪਾਏ ਗਏ । ਇਨ੍ਹਾਂ ਵਿਚੋਂ 16 ਦਵਾਈਆਂ ਹਿਮਾਚਲ ਪ੍ਰਦੇਸ਼ ਵਿਚ ਬਣੀਆਂ ਹਨ, ਜੋ ਮਿਆਰਾਂ ਨੂੰ ਪੂਰਾ ਨਹੀਂ ਕਰ ਸਕੀਆਂ।

ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਟੇਟ ਡਰੱਗ ਕੰਟਰੋਲਰ ਨਵਨੀਤ ਮਰਵਾਹ ਦਾ ਕਹਿਣਾ ਹੈ ਕਿ ਡਰੱਗ ਵਿਭਾਗ ਸੂਬੇ ਵਿਚ ਬਣੀਆਂ ਦਵਾਈਆਂ ਦੀ ਗੁਣਵੱਤਾ ਵਿਚ ਸੁਧਾਰ ਲਈ ਗੰਭੀਰ ਹੈ। ਜਿਨ੍ਹਾਂ ਸਬੰਧਤ ਉਦਯੋਗਾਂ ਦੇ ਸੈਂਪਲ ਫੇਲ੍ਹ ਹੋਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਤਲਬ ਕੀਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਰੱਗ ਵਿਭਾਗ ਉਨ੍ਹਾਂ ਉਦਯੋਗਾਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਜਿਨ੍ਹਾਂ ਦੇ ਸੈਂਪਲ ਵਾਰ-ਵਾਰ ਫੇਲ ਹੋ ਰਹੇ ਹਨ।

ਫੇਲ ਪਾਏ ਨਮੂਨਿਆਂ ਵਿਚ ਬੁਖਾਰ, ਐਂਟੀਬਾਇਓਟਿਕਸ, ਵਿਟਾਮਿਨ, ਕੈਲਸ਼ੀਅਮ ਸਮੇਤ ਕਈ ਗੰਭੀਰ ਬੀਮਾਰੀਆਂ ਲਈ ਦਵਾਈਆਂ ਸ਼ਾਮਲ ਹਨ। ਰਾਜ ਦੇ ਡਰੱਗ ਕੰਟਰੋਲਰ ਵੱਲੋਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਾਜ਼ਾਰ ਵਿਚੋਂ ਦਵਾਈਆਂ ਦਾ ਪੂਰਾ ਸਟਾਕ ਵਾਪਸ ਮੰਗਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਉਦਯੋਗ ਅਜਿਹੇ ਹਨ ਜਿਨ੍ਹਾਂ ਦੇ ਸੈਂਪਲ ਵਾਰ-ਵਾਰ ਫੇਲ ਪਾਏ ਜਾ ਰਹੇ ਹਨ। ਹੁਣ ਵਿਭਾਗ ਉਨ੍ਹਾਂ ਉਦਯੋਗਾਂ ਦੀ ਸੂਚੀ ਵੀ ਤਿਆਰ ਕਰ ਰਿਹਾ ਹੈ।