ਹਰਿਆਣਾ/ਫਰੀਦਾਬਾਦ | ਫਰੀਦਾਬਾਦ ਦੇ ਬੱਲਬਗੜ੍ਹ ਇਲਾਕੇ ਵਿਚ ਨੈਸ਼ਨਲ ਹਾਈਵੇ ਨੰਬਰ 19 ‘ਤੇ ਕੇਲੇ ਵੇਚਣ ਵਾਲੇ ਵਿਅਕਤੀ ਦੀ ਪੁਲਿਸ ਮੁਲਾਜ਼ਮ ਨੇ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁੱਸੇ ਵਿਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਦਾ ਘਿਰਾਓ ਕੀਤਾ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸ਼ੁੱਕਰਵਾਰ ਰਾਤ ਤੋਂ ਲੈ ਕੇ ਪਰਿਵਾਰਕ ਮੈਂਬਰ ਪੁਲਿਸ ਅਧਿਕਾਰੀਆਂ ਤੋਂ ਮੁਲਜ਼ਮ ਪੁਲਿਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਪੁਲਿਸ ਕਰੇਗੀ।

ਮ੍ਰਿਤਕ ਦੇ ਪੁੱਤਰ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਨੇ ਰੋਜ਼ਾਨਾ ਵਾਂਗ ਹਾਈਵੇ ’ਤੇ ਕੇਲਿਆਂ ਦੀ ਰੇਹੜੀ ਲਗਾਈ ਸੀ ਤਾਂ ਰਾਮਗੋਪਾਲ ਨਾਂ ਦਾ ਪੁਲਿਸ ਮੁਲਾਜ਼ਮ ਉਸ ਦੇ ਪਿਤਾ ਨੂੰ ਫੜ ਕੇ ਚੌਕੀ ਲੈ ਗਿਆ। ਪੁਲਿਸ ਨੇ ਉਸਦੇ ਪਿਤਾ ਨੂੰ 3 ਘੰਟੇ ਤੱਕ ਉੱਥੇ ਰੱਖਿਆ। ਜਦੋਂ ਉਸ ਦਾ ਪਿਤਾ ਚੌਕੀ ਤੋਂ ਬਾਹਰ ਆਇਆ ਤਾਂ ਉਹ ਤੁਰਨ ਦੀ ਹਾਲਤ ਵਿਚ ਨਹੀਂ ਸੀ।

ਪੁਲਿਸ ਨੇ ਉਸਦੇ ਪਿਤਾ ਦੀ ਬਹੁਤ ਕੁੱਟਮਾਰ ਕੀਤੀ। ਬੇਟੇ ਦਾ ਇਲਜ਼ਾਮ ਹੈ ਕਿ ਜਦੋਂ ਉਹ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਪੁਲਿਸ ਵਾਲਿਆਂ ਨੇ ਉਸਦੇ ਭਰਾ ਦੀ ਵੀ ਕੁੱਟਮਾਰ ਕੀਤੀ। ਮ੍ਰਿਤਕ ਦਾ ਪੁੱਤਰ ਇਸ ਮਾਮਲੇ ਵਿੱਚ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।