ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਤਿਹਾਬਾਦ ਦੀ ਪੁਲਿਸ ਲਾਈਨ ਵਿਚ ਅੱਜ ਸਵੇਰੇ ਪਰੇਡ ਦੌਰਾਨ ਇਕ ASI ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਦਰਿਆਪੁਰ ਚੌਕੀ ‘ਤੇ ਤਾਇਨਾਤ ਸੀ। ਮ੍ਰਿਤਕ ASI ਦੀ ਪਛਾਣ ਰੋਹਤਾਸ਼ ਕੁਮਾਰ ਵਾਸੀ ਪਿੰਡ ਸਾਹੂਵਾਲਾ-2, ਸਿਰਸਾ ਵਜੋਂ ਹੋਈ ਹੈ। ਫਿਲਹਾਲ ASI ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੋਗ ਦਾ ਮਾਹੌਲ ਹੈ।

ਜਾਣਕਾਰੀ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਪੁਲਿਸ ਲਾਈਨ ‘ਚ ਪਰੇਡ ਹੋ ਰਹੀ ਸੀ। ADGP ਸ਼੍ਰੀਕਾਂਤ ਜਾਧਵ ਵੀ ਪਰੇਡ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਰੋਹਤਾਸ਼ ਨੂੰ ਚੱਕਰ ਆ ਗਿਆ, ਜਿਸ ਕਾਰਨ ਉਥੇ ਹਲਚਲ ਮਚ ਗਈ। ਪੁਲਿਸ ਮੁਲਾਜ਼ਮ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਹਸਪਤਾਲ ‘ਚ ਡਿਊਟੀ ‘ਤੇ ਡਾਕਟਰਾਂ ਨੇ ASI ਨੂੰ ਮ੍ਰਿਤਕ ਐਲਾਨ ਦਿੱਤਾ।