ਯਮੁਨਾਨਗਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਰਿਆਣਾ ਦੇ ਯਮੁਨਾਨਗਰ ‘ਚ ਸੜਕ ਹਾਦਸੇ ‘ਚ ਢਾਈ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ। ਉਹ ਮਾਂਡੇਬਾੜੀ ਪਿੰਡ ਵਿਚ ਆਪਣੇ ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਸੀ, ਉਦੋਂ ਹੀ ਇਕ ਟਰੈਕਟਰ-ਟਰਾਲੀ ਨੇ ਉਸ ਨੂੰ ਕੁਚਲ ਦਿਤਾ। ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸ਼ਨੀਵਾਰ ਨੂੰ ਸਿਵਲ ਹਸਪਤਾਲ ‘ਚ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ।

ਮੰਨਤ ਦੀ ਮੌਤ ਕਾਰਨ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਬੱਚੀ ਦੇ ਪਿਤਾ ਰੇਹੜੀ ਲਗਾਉਂਦੇ ਹਨ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ। ਉਸਦਾ ਇੱਕ 8 ਸਾਲ ਦਾ ਬੇਟਾ ਹੈ। ਰਿਸ਼ਤੇਦਾਰਾਂ ਨੇ ਟਰੈਕਟਰ ਟਰਾਲੀ ਨੂੰ ਲਾਪਰਵਾਹੀ ਨਾਲ ਚਲਾਉਣ ਦੇ ਦੋਸ਼ ਹੇਠ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਪਿੰਡ ਮੰਡੇਬਾੜੀ ਦੇ ਵਸਨੀਕ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਰੋਹਿਤ ਦੀ ਢਾਈ ਸਾਲ ਦੀ ਬੇਟੀ ਮੰਨਤ ਸ਼ੁੱਕਰਵਾਰ ਸ਼ਾਮ ਘਰ ਦੇ ਬਾਹਰ ਗਲੀ ਵਿਚ ਖੇਡ ਰਹੀ ਸੀ। ਇਸ ਦੌਰਾਨ ਪਿੰਡ ਫੂਸਗੜ੍ਹ ਵਲੋਂ ਤੇਜ਼ ਰਫ਼ਤਾਰ ਆਉਂਦੀ ਟਰੈਕਟਰ-ਟਰਾਲੀ ਨੇ ਬੱਚੀ ਨੂੰ ਕੁਚਲ ਦਿਤਾ। ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।