ਤਰਨਤਾਰਨ | ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਦੇ ਨਾਲ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਤਰਨਤਾਰਨ ਦੇ ਨਾਇਕ ਸੂਬੇਦਾਰ ਗੁਰਸੇਵਕ ਸਿੰਘ ਵੀ ਸ਼ਹੀਦ ਹੋ ਗਏ ਹਨ।

ਗੁਰਸੇਵਕ ਤਰਨਤਾਰਨ ਦੇ ਕਸਬਾ ਖਾਲੜਾ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ। ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ‘ਚ ਤਾਇਨਾਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੀਡੀਐੱਸ ਬਿਪਿਨ ਰਾਵਤ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦੀ ਯੂਨਿਟ ਨੇ ਭਾਈ ਗੁਰਬਖਸ਼ ਸਿੰਘ ਤੇ ਜਸਵਿੰਦਰ ਸਿੰਘ ਨੂੰ ਫੋਨ ਕਰਕੇ ਸੂਚਨਾ ਦਿੱਤੀ।

ਪਰਿਵਾਰ ਨੇ ਬੀਤੀ ਰਾਤ ਸੂਚਨਾ ਮਿਲਣ ਤੋਂ ਬਾਅਦ ਵੀ ਗੁਰਸੇਵਕ ਦੀ ਸ਼ਹੀਦੀ ਬਾਰੇ ਪਤਨੀ ਜਸਪ੍ਰੀਤ ਕੌਰ ਤੇ ਬਜ਼ੁਰਗ ਪਿਤਾ ਕਾਬਲ ਸਿੰਘ ਨੂੰ ਜਾਣਕਾਰੀ ਨਹੀਂ ਦਿੱਤੀ। ਦੋਵਾਂ ਦੀ ਹਾਲਤ ਠੀਕ ਨਹੀਂ ਹੈ ਤੇ ਦੋਵਾਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਸਵੇਰੇ ਪਿੰਡ ਵਿੱਚ ਸੂਚਨਾ ਫੈਲਣ ਤੋਂ ਬਾਅਦ ਜਸਪ੍ਰੀਤ ਨੂੰ ਵੀ ਘਟਨਾ ਦੀ ਜਾਣਕਾਰੀ ਮਿਲ ਗਈ। ਇਸ ਸਮੇਂ ਉਨ੍ਹਾਂ ਦੇ ਘਰ ਮਾਤਮ ਛਾਇਆ ਹੋਇਆ ਹੈ ਤੇ ਪਤਨੀ ਜਸਪ੍ਰੀਤ ਦਾ ਰੋ-ਰੋ ਬੁਰਾ ਹਾਲ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਸੇਵਕ ਸਕੂਲੀ ਪੜ੍ਹਾਈ ਤੋਂ ਬਾਅਦ ਹੀ ਫੌਜ ਵਿੱਚ ਭਰਤੀ ਹੋ ਗਿਆ। ਨੌਕਰੀ ਦੇ ਨਾਲ-ਨਾਲ ਉਹ ਉਚੇਰੀ ਸਿੱਖਿਆ ਵੀ ਲੈ ਰਿਹਾ ਸੀ, ਜਿਵੇਂ ਹੀ ਡਿਗਰੀ ਪੂਰੀ ਹੋਈ, ਤਰੱਕੀ ਵੀ ਹੋ ਗਈ। ਗੁਰਸੇਵਕ ਦੀਆਂ 2 ਭੈਣਾਂ ਤੇ 5 ਭਰਾ ਹਨ। ਪੂਰਾ ਪਰਿਵਾਰ ਕਿਸਾਨ ਹੈ ਤੇ ਖੇਤੀ ‘ਤੇ ਨਿਰਭਰ ਹੈ।

ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਗੁਰਸੇਵਕ

ਗੁਰਸੇਵਕ 14 ਨਵੰਬਰ ਨੂੰ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਗਿਆ ਸੀ। ਰਵਾਨਾ ਹੋਣ ਤੋਂ ਪਹਿਲਾਂ ਉਹ ਪਰਿਵਾਰ ਸਮੇਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵੀ ਗਿਆ ਤੇ ਪਰਿਵਾਰ ਲਈ ਆਸ਼ੀਰਵਾਦ ਲਿਆ।

ਗੁਰਸੇਵਕ ਦੀਆਂ 2 ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਸਿਮਰਨ 9 ਸਾਲ ਤੇ ਛੋਟੀ ਬੇਟੀ ਗੁਰਲੀਨ 7 ਸਾਲ ਦੀ ਹੈ। ਉਸ ਦਾ ਪੁੱਤਰ ਫਤਿਹ ਸਿੰਘ ਸਿਰਫ 3 ਸਾਲ ਦਾ ਹੈ। ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਰੋਜ਼ ਉਨ੍ਹਾਂ ਨਾਲ ਫ਼ੋਨ ‘ਤੇ ਗੱਲ ਕਰਦਾ ਸੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ