ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਹਰਚੋਵਾਲ ਵਿਖੇ ਦੇਰ ਸ਼ਾਮ ਨਿਊ ਟਰੇਡ ਸਲੂਨ ‘ਤੇ ਕੁਝ ਅਣਪਛਾਤਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਯੂਥ ਪ੍ਰਧਾਨ ਰਣਜੀਤ ਸਿੰਘ ਉਰਫ ਸੋਨੂੰ ਔਲਖ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਉਸ ਦੀ ਦੋਵਾਂ ਲੱਤਾਂ ਵਿੱਚ 2 ਗੋਲੀਆਂ ਲੱਗਣ ਨਾਲ ਸੋਨੂੰ ਔਲਖ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਮੁਤਾਬਕ ਕਸਬਾ ਹਰਚੋਵਾਲ ਚੌਕ ਨੇੜੇ ਨਿਊ ਟਰੇਡ ਸਲੂਨ ਕਟਿੰਗ ਦੀ ਦੁਕਾਨ ‘ਤੇ ਸ਼ਾਮ 5 ਵਜੇ ਦੇ ਕਰੀਬ ਯੂਥ ਪ੍ਰਧਾਨ ਸੋਨੂੰ ਔਲਖ ਵਾਲ ਕਟਵਾਉਣ ਪਹੁੰਚਿਆ ਸੀ, ਜਦ ਉਹ ਦੁਕਾਨ ‘ਚ ਕਟਿੰਗ ਕਰਵਾ ਰਿਹਾ ਸੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨ ਪਹੁੰਚੇ, ਜਿਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਆਂ ਚੱਲਣ ਦੌਰਾਨ ਰਣਜੀਤ ਸਿੰਘ ਉਰਫ ਸੋਨੂੰ ਔਲਖ ਜ਼ਖਮੀ ਹੋ ਗਿਆ। ਉਸ ਦੀਆਂ ਦੋਵਾਂ ਲੱਤਾਂ ‘ਤੇ 2 ਗੋਲੀਆਂ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਲਿਆਂਦਾ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਉਥੇ ਹੀ ਹਸਪਤਾਲ ਪਹੁੰਚੇ ਸਾਬਕਾ ਮੰਤਰੀ ਬਲਬੀਰ ਸਿੰਘ ਬਾਠ ਨੇ ਕਿਹਾ ਕਿ ਬਟਾਲਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।