ਚੰਡੀਗੜ੍ਹ, 3 ਮਾਰਚ | ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਅਤੇ ਸੁਪਰਵਾਈਜ਼ਰ ਦੀਆਂ 286 ਅਸਾਮੀਆਂ ਲਈ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ‘ਚ ਜੋ ਕਿਸੇ ਕਾਰਨ ਕਰਕੇ ਹੁਣ ਤੱਕ ਅਪਲਾਈ ਨਹੀਂ ਕਰ ਸਕੇ ਹਨ। ਹੁਣ ਉਹ ਵੀ ਭਰਤੀ ਪ੍ਰਕਿਰਿਆ ‘ਚ ਹਿੱਸਾ ਲੈ ਸਕਣਗੇ। ਸਰਕਾਰ ਨੇ ਅਰਜ਼ੀ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ 10 ਮਾਰਚ ਤੱਕ ਅਪਲਾਈ ਕਰ ਸਕਣਗੇ। ਇਹ ਭਰਤੀ ਪ੍ਰਕਿਰਿਆ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਰਾਹੀਂ ਆਊਟਸੋਰਸ ਕੀਤੀ ਜਾ ਰਹੀ ਹੈ।

ਇਸ ‘ਚ ਸੇਵਾ ਦੀ ਮਿਆਦ 3 ਸਾਲ ਜਾਂ ਇਸ ਤੋਂ ਵੱਧ ਹੋਵੇਗੀ । ਹਾਲਾਂਕਿ ਹਰ ਸਾਲ ਬਾਅਦ ਪ੍ਰਦਰਸ਼ਨ ਦੀ ਜਾਂਚ ਕੀਤੀ ਜਾਵੇਗੀ। ਇਸੇ ਆਧਾਰ ‘ਤੇ ਅੱਗੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਬਿਨੈ ਪੱਤਰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ।

ਇਸ ਭਰਤੀ ਪ੍ਰਕਿਰਿਆ ‘ਚ ਜਿਹੜੇ ਕੋਚ ਰੱਖੇ ਜਾਣਗੇ, ਉਨ੍ਹਾਂ ਨੂੰ ਪੰਜਾਬ ‘ਚ ਕੰਮ ਕਰਨਾ ਪਵੇਗਾ। ਅਜਿਹੀ ਸਥਿਤੀ ‘ਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਭਰਤੀ ਪ੍ਰਕਿਰਿਆ ‘ਚ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਅਜਿਹੇ ‘ਚ ਭਰਤੀ ਪ੍ਰਕਿਰਿਆ ‘ਚ ਇਹ ਸ਼ਰਤ ਰੱਖੀ ਗਈ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਵਿਅਕਤੀ ਦਾ 10ਵੀਂ ਜਮਾਤ ‘ਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ।

ਕੋਚ ਦੇ ਅਹੁਦੇ ਲਈ ਉਮਰ ਸੀਮਾ 18 ਤੋਂ 40 ਸਾਲ ਅਤੇ ਸੁਪਰਵਾਈਜ਼ਰ ਲਈ 18 ਤੋਂ 45 ਸਾਲ ਹੋਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਭਰਤੀ ਪ੍ਰਕਿਰਿਆ ਇਸ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰ ਕੇ ਨਵੇਂ ਸੈਸ਼ਨ ਤੋਂ ਖੇਡ ਨਰਸਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਜੋ ਖਿਡਾਰੀਆਂ ਨੂੰ ਘਰ ਦੇ ਨੇੜੇ ਹੀ ਚੰਗੀ ਕੋਚਿੰਗ ਮਿਲ ਸਕੇ, ਨਾਲ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ‘ਚ ਉਡੀਕ ਸੂਚੀ ਬਣਾਈ ਜਾਵੇਗੀ। ਇਸ ‘ਚ 10 ਫੀਸਦੀ ਲੋਕਾਂ ਨੂੰ ਰੱਖਿਆ ਜਾਵੇਗਾ। ਇਹ ਉਡੀਕ ਸੂਚੀ 6 ਮਹੀਨਿਆਂ ਲਈ ਵੈਧ ਰਹੇਗੀ। ਜੇਕਰ ਚੁਣੇ ਜਾਣ ਤੋਂ ਬਾਅਦ ਕੋਈ ਵਿਅਕਤੀ ਨੌਕਰੀ ‘ਚ ਸ਼ਾਮਲ ਨਹੀਂ ਹੁੰਦਾ ਜਾਂ ਨੌਕਰੀ ਛੱਡ ਦਿੰਦਾ ਹੈ ਤਾਂ ਦੂਜਿਆਂ ਨੂੰ ਮੌਕਾ ਦਿੱਤਾ ਜਾਵੇਗਾ। ਖੇਡ ਸੁਪਰਵਾਈਜ਼ਰ ਨੂੰ 50 ਹਜ਼ਾਰ ਰੁਪਏ ਅਤੇ ਖੇਡ ਕੋਚ ਨੂੰ 25 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ।

‘ਆਪ’ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ‘ਚ ਅੱਗੇ ਲਿਜਾਣ ਲਈ ਗੰਭੀਰ ਹੈ। ਇਸ ਲਈ ਸਰਕਾਰ ਨੇ ਆਪਣੀ ਨਵੀਂ ਖੇਡ ਨੀਤੀ ਬਣਾਈ ਹੈ। ਇਸ ਦੇ ਨਾਲ ਹੀ ਹੁਣ ਸਪੋਰਟਸ ਨਰਸਰੀ ਖੋਲ੍ਹਣ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ। ਸੂਬੇ ਭਰ ‘ਚ 1000 ਖੇਡ ਨਰਸਰੀਆਂ ਖੋਲ੍ਹੀਆਂ ਜਾਣੀਆਂ ਹਨ। ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 45 ਪੇਂਡੂ ਅਤੇ 205 ਸ਼ਹਿਰੀ ਖੇਤਰਾਂ ‘ਚ ਹੋਣਗੀਆਂ।

ਸਪੋਰਟਸ ਨਰਸਰੀ ‘ਤੇ 60 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ‘ਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।