ਉਂਟਾਰੀਓ| ਕੈਨੇਡਾ ਰਹਿੰਦੇ ਪ੍ਰਵਾਸੀਆਂ ਲਈ ਖੁਸ਼ਖਬਰੀ। ਉਂਟਾਰੀਓ ਸਰਕਾਰ ਵਲੋਂ ਇਸ ਸਾਲ ਇਕ ਖਾਸ ਮਾਤਾ-ਪਿਤਾ ਅਤੇ ਦਾਦਾ-ਦਾਦੀ (PGP) ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਹੁਣ ਪ੍ਰਵਾਸੀਆਂ ਦੇ ਮਾਪਿਆਂ ਨੂੰ ਵੀ ਪੱਕਾ ਕੀਤਾ ਜਾਵੇਗਾ। ਜਿਸ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ।

ਇਹ ਐਲਾਨ ਇਮੀਗ੍ਰੇਸ਼ਨ ਕੈਨੈਡਾ (IRCC) ਵਲੋਂ ਕੀਤਾ ਗਿਆ ਹੈ, ਜਿਸ ਕਾਰਨ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ ਅਤੇ ਇਨ੍ਹਾਂ ਵਿਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ IRCC ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜੇਗਾ, ਜਿਨ੍ਹਾਂ ਨੇ 2020 ਵਿੱਚ ਸਪਾਂਸਰ ਫਾਰਮ ਵਿਚ ਦਿਲਚਸਪੀ ਦਿਖਾਈ ਸੀ ਪਰ ਉਨ੍ਹਾਂ ਨੂੰ  ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ ,ਉਨ੍ਹਾਂ ਨੂੰ ਵੀ ਸੱਦੇ ਭੇਜੇ ਜਾਣਗੇ।

ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਅਰਜ਼ੀ ਦੇਣ ਵਾਲੇ ਕੈਨੇਡਾ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਇਹ ਉਮੀਦਵਾਰ ਕੈਨੇਡਾ ਦੇ ਸਥਾਈ ਵਸਨੀਕ, ਸਿਟੀਜਨ ਜਾਂ ਫਿਰ ਕੈਨੇਡੀਅਨ-ਇੰਡੀਅਨ ਐਕਟ ਤਹਿਤ ਰਜਿਸਟਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਆਪਣੇ ਮਾਪਿਆਂ ਦੇ ਸਮਰਥਨ ਲਈ ਕਾਫ਼ੀ ਪੈਸਾ ਹੈ, ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ।