ਭੋਪਾਲ | ਬੇਟੀ ਪੈਦਾ ਹੋਣ ਦੀ ਖੁਸ਼ੀ ‘ਚ ਇਕ ਗੋਲਗੱਪਿਆਂ ਵਾਲੇ ਵਿਕਰੇਤਾ ਨੇ 50 ਹਜ਼ਾਰ ਰੁਪਏ ਦੇ ਗੋਲਗੱਪੇ ਮੁਫ਼ਤ ‘ਚ ਵੰਡ ਦਿੱਤੇ। ਮਾਣ ਮਹਿਸੂਸ ਕਰ ਰਹੇ ਪਿਤਾ 28 ਸਾਲਾ ਅੰਚਲ ਗੁਪਤਾ ਨੇ ਦੱਸਿਆ, ”ਮੈਂ ਦਿਖਾਉਣਾ ਚਾਹੁੰਦਾ ਸੀ ਕਿ ਲੜਕੇ ਤੇ ਲੜਕੀਆਂ ‘ਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ, ਜਿਵੇਂ ਹੀ ਮੈਨੂੰ 17 ਅਗਸਤ ਨੂੰ ਬੇਟੀ ਪੈਦਾ ਹੋਣ ਦੀ ਖ਼ਬਰ ਮਿਲੀ, ਮੈਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ ਪਰ ਨਾਲ ਹੀ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਹੈਰਾਨ ਵੀ ਰਹਿ ਗਿਆ।”
ਬੇਟੀ ਬਾਰੇ ਲੋਕਾਂ ਦੀ ਅਜੀਬ ਪ੍ਰਤੀਕਿਰਿਆ ਸੁਣ ਕੇ ਪਿਤਾ ਨੂੰ ਹੋਈ ਹੈਰਾਨੀ
ਪਿਤਾ ਨੇ ਕੋਲਾਰ ਖੇਤਰ ‘ਚ ਐਤਵਾਰ ਤਿੰਨ ਸਟਾਲ ਲਾਏ ਤੇ ਲੋਕਾਂ ‘ਚ ਐਲਾਨ ਕੀਤਾ ਕਿ ਗੋਲਗੱਪੇ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਉਪਲਬਧ ਰਹਿਣਗੇ। ਖ਼ਬਰ ਸੁਣ ਕੇ ਸੈਂਕੜੇ ਲੋਕ ਇਕੱਠੇ ਹੋ ਗਏ। ਭੀੜ ਨਾਲ ਘਿਰੇ ਪਿਤਾ ਨੇ ਵਾਰ-ਵਾਰ ਕੋਵਿਡ ਪ੍ਰੋਟੋਕੋਲ ਦੇ ਪਾਲਣ ਕਰਨ ਦੀ ਅਪੀਲ ਕੀਤੀ।
ਉਸ ਨੇ ਕਤਾਰ ‘ਚ ਖੜ੍ਹੇ ਲੋਕਾਂ ਨੂੰ ਮਾਸਕ ਪਹਿਣਨ ਤੇ ਸੁਰੱਖਿਅਤ ਦੂਰੀ ਬਣਾਉਣ ਲਈ ਕਿਹਾ ਪਰ ਗੋਲਗੱਪਿਆਂ ਦੀ ਜਲਦਬਾਜ਼ੀ ‘ਚ ਬਹੁਤ ਘੱਟ ਲੋਕਾਂ ਨੇ ਉਨ੍ਹਾਂ ਦੀ ਅਪੀਲ ‘ਤੇ ਧਿਆਨ ਦਿੱਤਾ। ਅੰਚਲ ਨੇ ਕਿਹਾ, ”ਮੈਨੂੰ ਖ਼ਰਾਬ ਲੱਗਾ। ਮੈਂ ਇਸ ਦਾ ਆਯੋਜਨ ਪਵਿੱਤਰ ਕੰਮ ਸਮਝ ਕੇ ਕੀਤਾ ਪਰ ਲੋਕਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਲੋਕਾਂ ਨੂੰ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਕਰ ਰਿਹਾ ਸੀ।”