ਮਾਲੇਰਕੋਟਲਾ, 26 ਨਵੰਬਰ | ਅੱਜਕਲ ਦੀ ਨੌਜਵਾਨ ਪੀੜ੍ਹੀ ਨੂੰ ਪਿਆਰ ਦਾ ਭੂਤ ਕਿਸ ਤਰ੍ਹਾਂ ਸਵਾਰ ਹੈ, ਇਸ ਦਾ ਪ੍ਰਤੱਖ ਸਬੂਤ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅੱਜ ਸਵੇਰੇ ਕਰੀਬ 11 ਵਜੇ ਸਥਾਨਕ ਬੱਸ ਸਟੈਂਡ ’ਤੇ ਇੱਕ ਨੌਜਵਾਨ ਪਿਆਰ ਨੂੰ ਪ੍ਰਵਾਨ ਨਾ ਕੀਤੇ ਜਾਣ ’ਤੇ ਪਾਣੀ ਦੀ ਟੈਂਕੀ ਦੇ ਸਿਖਰ ‘ਤੇ ਚੜ੍ਹ ਗਿਆ।

ਜਦੋਂ ਲੋਕਾਂ ਨੇ ਨੌਜਵਾਨ ਨੂੰ ਟੈਂਕੀ ਦੀ ਛੱਤ ‘ਤੇ ਲੱਤਾਂ ਲਮਕਾ ਕੇ ਕੇ ਆਰਾਮ ਨਾਲ ਬੈਠੇ ਦੇਖਿਆ ਤਾਂ ਬੱਸ ਸਟੈਂਡ ‘ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਨੌਜਵਾਨ ਨੂੰ ਹੇਠਾਂ ਆਉਣ ਲਈ ਰੌਲਾ ਪਾਇਆ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਜ਼ਿਕਰਯੋਗ ਹੈ ਕਿ ਜੇਕਰ ਅਚਾਨਕ ਤੇਜ਼ ਹਵਾ ਆ ਜਾਂਦੀ ਤਾਂ ਉਕਤ ਨੌਜਵਾਨ ਟੈਂਕੀ ਤੋਂ ਹੇਠਾਂ ਡਿੱਗ ਸਕਦਾ ਸੀ। ਜਦੋਂ ਜ਼ਿੱਦ ‘ਤੇ ਅੜਿਆ ਹੋਇਆ ਨੌਜਵਾਨ ਨਾ ਡੋਲਿਆ ਤਾਂ ਲੋਕਾਂ ਨੇ ਤੁਰੰਤ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਐੱਸ.ਐੱਚ.ਓ. ਸੁਰਿੰਦਰ ਸਿੰਘ ਭੱਲਾ ਤੁਰੰਤ ਆਪਣੀ ਟੀਮ ਨਾਲ ਬੱਸ ਸਟੈਂਡ ’ਤੇ ਪੁੱਜੇ।

ਜਦੋਂ ਉਕਤ ਨੌਜਵਾਨ ਪੁਲਿਸ ਦੀ ਬੇਨਤੀ ਕਰਨ ਦੇ ਬਾਵਜੂਦ ਹੇਠਾਂ ਨਾ ਆਇਆ ਤਾਂ ਐੱਸ.ਐੱਚ.ਓ. ਸੁਰਿੰਦਰ ਸਿੰਘ ਭੱਲਾ ਦੇ ਗੰਨਮੈਨ ਮੁਹੰਮਦ ਸਾਹਿਲ (ਪੀ.ਐਚ.ਜੀ.) ਨੇ ਹਿੰਮਤ ਦਿਖਾਉਂਦੇ ਹੋਏ ਥਾਣਾ ਮੁਖੀ ਭੱਲਾ ਦੀ ਸਿਆਣਪ ਅਨੁਸਾਰ ਇਕ ਹੋਰ ਨੌਜਵਾਨ ਨੂੰ ਨਾਲ ਲੈ ਕੇ ਟੈਂਕੀ ‘ਤੇ ਜਾ ਕੇ ਉਕਤ ਨੌਜਵਾਨ ਨੂੰ ਪਿਆਰ ਨਾਲ ਸਮਝਾਇਆ ਅਤੇ ਉਸ ਦਾ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਉਸ ਨੂੰ ਸ਼ਾਂਤ ਕੀਤਾ ਗਿਆ ਅਤੇ ਟੈਂਕੀ ਤੋਂ ਹੇਠਾਂ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਐੱਸ.ਐੱਚ.ਓ. ਸੁਰਿੰਦਰ ਸਿੰਘ ਭੱਲਾ ਨੇ ਕੁਝ ਮਹੀਨੇ ਪਹਿਲਾਂ ਵੀ ਆਪਣੇ ਸਾਥੀ ਗੰਨਮੈਨਾਂ ਦੀ ਮਦਦ ਨਾਲ ਇਸੇ ਤਰ੍ਹਾਂ ਸਥਾਨਕ ਕਲੱਬ ਚੌਕ ਦੀ ਟੈਂਕੀ ‘ਤੇ ਚੜ੍ਹੇ ਇਕ ਨੌਜਵਾਨ ਨੂੰ ਵੀ ਸਮਝਾ ਕੇ ਹੇਠਾਂ ਉਤਾਰਿਆ ਸੀ। ਜਿਵੇਂ ਹੀ ਉਹ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਰਿਆ ਤਾਂ ਥਾਣਾ ਮੁਖੀ ਭੱਲਾ ਦੀ ਪੁਲਿਸ ਟੀਮ ਉਸ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ, ਜਿੱਥੇ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ। ਪੁਲਿਸ ਨੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਨਿਪਟਾਇਆ। ਟੈਂਕੀ ‘ਤੇ ਚੜ੍ਹੇ ਨੌਜਵਾਨ ਦੀ ਪਛਾਣ ਬੱਸ ਸਟੈਂਡ ਦੇ ਪਿੱਛੇ ਸਥਿਤ ਕਾਲੋਨੀ ਦੇ ਵਸਨੀਕ ਵਜੋਂ ਹੋਈ ਹੈ, ਜਦਕਿ ਲੜਕੀ ਵੀ ਇਸੇ ਸ਼ਹਿਰ ਦੀ ਹੀ ਰਹਿਣ ਵਾਲੀ ਦੱਸੀ ਜਾਂਦੀ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਟੈਂਕੀ ‘ਤੇ ਚੜ੍ਹਿਆ ਨੌਜਵਾਨ ਲੜਕਾ ਜਿਸ ਲੜਕੀ ਨੂੰ ਪਿਆਰ ਕਰਦਾ ਸੀ, ਦੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਦੀ ਕਿਸੇ ਹੋਰ ਲੜਕੇ ਨਾਲ ਮੰਗਣੀ ਕਰਵਾ ਦਿੱਤੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਨੌਜਵਾਨ ਉਦਾਸ ਹੋ ਗਿਆ ਅਤੇ ਬੱਸ ਸਟੈਂਡ ਦੇ ਨਾਲ ਲੱਗਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)