ਲੁਧਿਆਣਾ, 24 ਜਨਵਰੀ | ਇੱਕ ਲੜਕੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ ਹੈ। ਉਧਰ ਜਦੋਂ ਲੜਕੀ ਦੇ ਪਰਿਵਾਰਕ ਮੈਂਬਰ ਉਸ ਦਾ ਸਸਕਾਰ ਕਰਨ ਗਏ ਤਾਂ ਪੁਲਿਸ ਨੇ ਆ ਕੇ ਸਸਕਾਰ ਰੋਕ ਦਿੱਤਾ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਲੜਕੀ ਦੇ ਗੁਆਂਢੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸ ਕਾਰਨ ਮੌਕੇ ’ਤੇ ਕਾਫੀ ਹੰਗਾਮਾ ਹੋ ਗਿਆ। ਗੁਆਂਢੀਆਂ ਨੇ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹੁਣ ਕੁੜੀ ਦੀ ਵੀ ਜਾਨ ਚਲੀ ਗਈ। ਇਸ ਲਈ ਇਹ ਮਾਮਲਾ ਸ਼ੱਕੀ ਹੈ।
ਗੁਆਂਢੀਆਂ ਨੂੰ ਇਹ ਵੀ ਸ਼ੱਕ ਹੈ ਕਿ ਲੜਕੀ 2 ਸਾਲਾਂ ਤੋਂ ਇਕ ਨੌਜਵਾਨ ਨਾਲ ਰਹਿ ਰਹੀ ਸੀ, ਜੋ ਉਸ ਦਾ ਪ੍ਰੇਮੀ ਸੀ ਪਰ ਹੁਣ ਉਹ ਕੁਝ ਦਿਨਾਂ ਤੋਂ ਲਾਪਤਾ ਹੈ। ਸੰਭਵ ਹੈ ਕਿ ਨੌਜਵਾਨ ਨੇ ਲੜਕੀ ਨਾਲ ਕੁਝ ਕੀਤਾ ਹੋਵੇ ਅਤੇ ਭੱਜ ਗਿਆ ਹੋਵੇ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਮਾਮਲਾ ਲੁਧਿਆਣਾ ਦੇ ਡਾਬਾ ਰੋਡ ‘ਤੇ ਸਥਿਤ ਮਾਨ ਨਗਰ ਦਾ ਹੈ। ਇੱਥੇ ਵੀਰਵਾਰ ਰਾਤ 22 ਸਾਲਾ ਲੜਕੀ ਸੰਤੋਸ਼ ਰਾਣੀ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਮਾ ਰਾਮ ਕ੍ਰਿਪਾਲ ਨੇ ਦੱਸਿਆ ਹੈ ਕਿ ਸੰਤੋਸ਼ ਦੀ ਮਾਂ ਦੀ ਕਰੀਬ 3 ਸਾਲ ਪਹਿਲਾਂ ਅਤੇ ਪਿਤਾ ਦੀ 3 ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ।
ਸੰਤੋਸ਼ ਕਰੀਬ 2 ਸਾਲਾਂ ਤੋਂ ਇਕ ਨੌਜਵਾਨ ਦੇ ਸੰਪਰਕ ‘ਚ ਸੀ। ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਤਾਂ ਸੰਤੋਸ਼ ਉਸ ਲੜਕੇ ਨਾਲ ਰਹਿਣ ਲੱਗ ਪਈ ਪਰ ਕੁਝ ਦਿਨਾਂ ਤੋਂ ਉਸ ਲੜਕੇ ਦੀ ਕੋਈ ਖ਼ਬਰ ਨਹੀਂ ਹੈ। ਰਾਮ ਕ੍ਰਿਪਾਲ ਦਾ ਕਹਿਣਾ ਹੈ ਕਿ ਸੰਤੋਸ਼ ਕੁਝ ਦਿਨਾਂ ਤੋਂ ਬਿਮਾਰ ਸੀ। ਉਸ ਨੂੰ ਇਲਾਕੇ ਦੇ ਇੱਕ ਨਿੱਜੀ ਹਸਪਤਾਲ ਵਿਚ ਦਿਖਾਇਆ ਗਿਆ।
ਲੜਕੀ ਦੇ ਮਾਮੇ ਨੇ ਦੱਸਿਆ ਕਿ ਉਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ, ਜਿੱਥੇ ਪਹੁੰਚਦਿਆਂ ਹੀ ਸੰਤੋਸ਼ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੰਤੋਸ਼ ਦੀ ਲਾਸ਼ ਨੂੰ ਲੁਧਿਆਣਾ ਸਥਿਤ ਉਸ ਦੇ ਘਰ ਵਾਪਸ ਲਿਆਂਦਾ ਗਿਆ। ਇੱਥੇ ਅਸੀਂ ਉਸ ਦੀ ਮ੍ਰਿਤਕ ਦੇਹ ਦੇ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ-6 ਅਤੇ ਸ਼ੇਰਪੁਰ ਚੌਕ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਇਸ ਸਬੰਧੀ ਪੁਲਿਸ ਚੌਕੀ ਸ਼ੇਰਪੁਰ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਫਿਲਹਾਲ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਘਰੋਂ ਇੱਕ ਸ਼ੱਕੀ ਐਕਟਿਵਾ ਅਤੇ ਬਾਈਕ ਬਰਾਮਦ ਹੋਈ ਹੈ। ਇਹ ਦੋਵੇਂ ਗੱਡੀਆਂ ਲੜਕੀ ਦੀਆਂ ਨਹੀਂ ਹਨ। ਇਸ ਦੇ ਨਾਲ ਹੀ ਲੜਕੀ ਦੇ ਮਾਮੇ ਨੂੰ ਵੀ ਇਹ ਨਹੀਂ ਪਤਾ ਕਿ ਲੜਕੀ ਨਾਲ ਰਹਿਣ ਵਾਲਾ ਲੜਕਾ ਕੌਣ ਸੀ। ਇਨ੍ਹਾਂ ਵਾਹਨਾਂ ਰਾਹੀਂ ਲੜਕੇ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ।