ਅੰਮ੍ਰਿਤਸਰ, 3 ਜਨਵਰੀ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਹਾਜ਼ਰੀ ਭਰੀ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਰਾਜੋਆਣਾ ਵੱਲੋਂ ਆਪਣੀ ਸਜ਼ਾ ਮੁਆਫੀ ਕਰਵਾਉਣ ਦੀ ਅਪੀਲ ਤੋਂ ਇਨਕਾਰ ਕਰ ਦਿੱਤਾ ਗਿਆ, ਇਹ ਬਹੁਤ ਵਧੀਆ ਗੱਲ ਹੈ। ਉਹ ਮੁਆਫੀ ਕਿਉਂ ਮੰਗੇ, ਜਦਕਿ ਇਹ ਲੋਕ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਪੂਰੀ ਕਰ ਚੁੱਕੇ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 25 ਸਾਲ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਫਾਈਲ ਨੂੰ ਦਬਾਅ ਕੇ ਰੱਖਿਆ ਗਿਆ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਬੰਦੀ ਸਿੰਘਾਂ ਉੱਤੇ ਬਿਆਨ ਦਿੱਤਾ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 80 ਦੇ ਦੌਰ ਦਾ ਇਹ ਇਕ ਕਿਸਮ ਦਾ ਸਰਕਾਰੀ ਅੱਤਵਾਦ ਸੀ। ਸਰਕਾਰੀ ਅੱਤਵਾਦ ਨੇ ਸਾਡੇ ਇਕ ਲੱਖ ਨੌਜਵਾਨਾਂ ਦਾ ਲਹੂ ਪੀਤਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬਦ-ਕਿਸਮਤੀ ਹੈ ਕਿ ਕਿਸੇ ਸਰਕਾਰ ਨੇ ਸਰਕਾਰੀ ਅੱਤਵਾਦੀਆਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ। ਜਦੋਂ ਪੁੱਛਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਕੋਲੋਂ ਮੁਆਫੀ ਮੰਗੀ ਹੈ ਤੇ ਉਨ੍ਹਾਂ ਕਿਹਾ ਕਿ ਮੈਂ ਕਿਸੇ ਵਿਵਾਦ ਵਿਚ ਨਹੀਂ ਪੈਣਾ ਚਾਹੁੰਦਾ। ਬੰਦੀ ਸਿੰਘਾਂ ਉਤੇ ਉਨ੍ਹਾਂ ਕਿਹਾ ਕਿ ਬੰਦੀ ਸਿੰਘ ਕਾਫੀ ਸਮੇਂ ਤੋਂ ਆਪਣੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜੋਆਣਾ ਨੇ ਜੋ ਚਿੱਠੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਹੈ, ਬਿਲਕੁਲ ਠੀਕ ਲਿਖੀ ਹੈ।