ਜਲੰਧਰ . ਗ਼ਦਰੀ ਬਾਬਿਆਂ ਦਾ 29ਵਾਂ ਮੇਲਾ ਦੇਸ਼ ਦੇ ਉਭਰਵੇਂ, ਭਖ਼ਦੇ ਮੁੱਦਿਆਂ ਉਪਰ ਵਿਚਾਰਾਂ, ਬਹੁ-ਵੰਨਗੀ ਕਲਾ ਕਿਰਤਾਂ ਤੇ ਪ੍ਰਬੰਧਾਂ ਪੱਖੋਂ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਏਗਾ। ਇਹ ਫੈਸਲਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਨਾਲ ਜੁੜੇ ਲੇਖਕਾਂ, ਕਵੀਆਂ, ਤਰਕਸ਼ੀਲ, ਜਮਹੂਰੀ ਕਾਮਿਆਂ, ਸਾਹਿਤ ਤੇ ਕਲਾ ਖੇਤਰ ਨਾਲ ਜੁੜੇ ਵਿਅਕਤੀਆਂ ਦੀ ਮੀਟਿੰਗ ‘ਚ ਕੀਤਾ ਗਿਆ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਤ ਇਸ ਮੇਲੇ ਮੌਕੇ ਯਾਦਗਾਰ ਹਾਲ ਨੂੰ ‘ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ‘ ਦਾ ਨਾਂ ਦਿੱਤਾ ਜਾਏਗਾ। ਮੇਲੇ ਦਾ ਵਿਸ਼ੇਸ਼ ਆਕਰਸ਼ਣ ਘਾਹ ਪਾਰਕ ‘ਚ 31 ਅਕਤੂਬਰ ਤੇ 1 ਨਵੰਬਰ ਲੱਗਣ ਵਾਲਾ ਪੁਸਤਕ ਮੇਲਾ ਹੋਵੇਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਮੇਲੇ ‘ਚ ਪੇਸ਼ ਹੋ ਰਹੀਆਂ ਕਲਾ ਵੰਨਗੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ, ਕੋਰਿਓਗ੍ਰਾਫ਼ੀਆਂ, ਗੀਤ-ਸੰਗੀਤ ਉਪਰੰਤ ਸ਼ਾਮ 3 ਤੋਂ 7 ਵਜੇ ਤੱਕ ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਅਨੀਤਾ ਸ਼ਬਦੀਸ਼, ਏਕੱਤਰ ਚੰਡੀਗੜ੍ਹ ਤੇ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕ ਖੇਡੇ ਜਾਣਗੇ। ਮੇਲੇ ਦੀ ਪੂਰਵ ਸੰਧਿਆਂ ‘ਤੇ 31 ਅਕਤੂਬਰ ਸ਼ਾਮ 6 ਵਜੇ ਤਰਕਸ਼ੀਲ ਸ਼ੋਅ ਤੇ ਪੀਪਲਜ਼ ਵਾਇਸ ਵੱਲੋਂ ਫ਼ਿਲਮ ਸ਼ੋਅ ਹੋਏਗਾ।