ਨਵੀਂ ਦਿੱਲੀ | ਅੱਜ 1 ਅਕਤੂਬਰ ਨੂੰ ਪੈਟਰੋਲੀਅਮ ਕੰਪਨੀਆਂ ਨੇ ਗੈਸ ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਹੈ। ਵਪਾਰਕ ਐੱਲ.ਪੀ. ਜੀ. ਸਿਲੰਡਰ ਅੱਜ ਤੋਂ ਲਗਭਗ 43.5 ਰੁਪਏ ਮਹਿੰਗਾ ਹੋ ਗਿਆ ਹੈ।

ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਇਹ ਵਾਧਾ ਸਿਰਫ 19 ਕਿਲੋ ਵਪਾਰਕ ਸਿਲੰਡਰ ‘ਤੇ ਹੋਇਆ ਹੈ। ਗੈਰ-ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਹੁਣ ਦਿੱਲੀ ‘ਚ 19 ਕਿਲੋ ਦਾ LPG ਸਿਲੰਡਰ 1736.5 ਰੁਪਏ ਦਾ ਹੋ ਗਿਆ ਹੈ। ਪਹਿਲਾਂ ਇਸ ਦੀ ਕੀਮਤ 1693 ਰੁਪਏ ਸੀ।

ਉਥੇ ਹੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਨੇ ਖਾਧ ਪਦਾਰਥਾਂ ਨਾਲ ਸੰਬੰਧਤ ਸਾਰੇ ਦੁਕਾਨਦਾਰਾਂ ਨੂੰ 1 ਅਕਤੂਬਰ ਤੱਕ ਰਜਿਸਟਰਡ ਹੋਣ ਦੇ ਨਿਰਦੇਸ਼ ਦਿੱਤੇ ਸਨ, ਯਾਨੀ ਅੱਜ ਤੋਂ ਖਾਣ-ਪੀਣ ਦੀਆਂ ਵਸਤਾਂ ਨਾਲ ਜੁੜੇ ਦੁਕਾਨਦਾਰਾਂ ਲਈ ਮਾਲ ਦੇ ਬਿੱਲ ‘ਤੇ FSSAI ਦਾ ਰਜਿਸਟ੍ਰੇਸ਼ਨ ਨੰਬਰ ਲਿਖਣਾ ਲਾਜ਼ਮੀ ਹੋ ਗਿਆ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਦੁਕਾਨਦਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 884.50 ਰੁਪਏ ਹੋ ਗਈ। ਇਸ ਮਹੀਨੇ ਇਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਜੋ ਆਮ ਲੋਕਾਂ ਲਈ ਰਾਹਤ ਦੀ ਗੱਲ ਹੈ।