ਚੰਡੀਗੜ੍ਹ, 30 ਦਸੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀ.ਓ.ਆਈ.) ਦੇ ਡਾਇਰੈਕਟਰ ਐਲ. ਕੇ. ਯਾਦਵ ਵੱਲੋਂ ਅੱਜ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਵਿਚ ਮਨੁੱਖੀ ਤਸਕਰੀ ਸਬੰਧੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ।

ਇਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਕਰ ਰਹੇ ਹਨ, ਜਦਕਿ ਇਸ ਦੇ 3 ਮੈਂਬਰਾਂ ਵਿਚ ਏਸੀਪੀ ਸਿਵਲ ਲਾਈਨ ਲੁਧਿਆਣਾ ਜਸਰੂਪ ਕੌਰ ਬਾਠ, ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐਸਪੀ ਹੈੱਡ ਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਸ਼ਾਮਲ ਹਨ।

SIT ਨੂੰ ਜਲਦ ਤੋਂ ਜਲਦ ਅੰਤਿਮ ਰਿਪੋਰਟ ਸਮਰੱਥ ਅਦਾਲਤ ਕੋਲ ਸੌਂਪਣ ਲਈ ਕਿਹਾ ਗਿਆ ਹੈ। ਇਸ ਕੇਸ ਵਿਚ ਸਹਾਇਤਾ ਲਈ ਐਸਆਈਟੀ ਵੱਲੋਂ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਸਬੰਧੀ ਵੱਖ-ਵੱਖ ਅਖਬਾਰਾਂ ਵਿਚ ਖ਼ਬਰਾਂ ਛਪੀਆਂ ਸਨ, ਜਿਸ ਵਿਚ 303 ਭਾਰਤੀ ਯਾਤਰੀਆਂ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਨਾਲ ਸਬੰਧਤ ਸਨ, ਨੂੰ ਫਰਾਂਸੀਸੀ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ।