– ਸੁਬੇਗ ਸਿੰਘ ਸੰਧੂ
ਪੰਜਾਬੀਆਂ ਦੀ ਜੀਵਨ ਜਾਚ ਖੇਤੀ ਧੰਦਾ ਨਹੀਂ ਬਲਕਿ ਧਰਮ ਹੈ। ਖੇਤੀ ਕਰਮਾਂ ਸੇਤੀ ਹੈ ਕਿਉਂਕਿ ਮੌਸਮ, ਸਰਕਾਰੀ ਨੀਤੀ, ਮੰਡੀ ਇਸਦੀ ਉਪਜ ਤੇ ਭਾਅ ਨੂੰ ਮਿੱਥਦੇ ਹਨ। ਅਸਲ ਵਿਚ ਖੇਤੀ ਪੰਜਾਬੀਆਂ ਦੀ ਸਕਿੱਲ ਹੈ ਜੋ ਹੱਡ ਭੰਨਵੀਂ ਮਿਹਨਤ ਤੇ ਜੁਗਾੜ ਦਾ ਸੁਮੇਲ ਹੈ। ਅਰਥ ਸ਼ਾਸਤਰ ਕਹਿੰਦਾ ਹੈ ਕਿ More Risk , More Profit ਜਦਕਿ ਪੰਜਾਬੀ ਵਿਚ “ਰੱਜ ਕੇ ਵਾਹ ਤੇ ਦੱਬ ਕੇ ਖਾ”।
ਬਾਬੇ ਨਾਨਕ ਵੱਲੋਂ ਦਿੱਤੇ ਕਿਰਤ ਦੇ ਸੁਨੇਹੇ ਅਨੁਸਾਰ ਮਿਹਨਤ ਤੇ ਪੰਜਾਬੀਆਂ ਦੇ ਸੁਭਾਅ ਵਿਚਲਾ “ਮੈਕਸੀਮਮ ਰਿਸਕ ਬੀਅਰਿੰਗ ਫੈਕਟਰ“ ਨਾ ਸਿਰਫ ਪੰਜਾਬ ਸਗੋਂ ਪੱਛਮੀ ਯੂਪੀ, ਤਰਾਈ ਖੇਤਰ, ਗੰਗਾਨਗਰ, ਸੂਰਤਗੜ੍ਹ, ਗਵਾਲੀਅਰ, ਕਾਂਗੋ, ਕੀਨੀਆ ਵਿਚ ਖੇਤੀ ਆਬਾਦ ਕਰਨ ਲਈ ਸਹਾਈ ਹੋਇਆ ਹੈ।
ਜਦੋਂ ਆਜ਼ਾਦੀ ਤੋਂ 20 ਸਾਲ ਬਾਅਦ ਤੱਕ ਵੀ 67-68 ਤੱਕ ਲੋਕਾਂ ਦੇ ਖਾਣ ਜੋਗੇ ਦਾਣੇ ਵੀ ਨਹੀਂ ਹੁੰਦੇ ਸੀ ਤਾਂ ਖੇਤੀ ਦੀ ਸਫਲਤਾ ਲਈ “ਹੀਲਾ ਤੇ ਵਸੀਲਾ“ ਬਣਾ ਕੇ ਪੰਜਾਬੀਆਂ ਨੇ ਕਣਕ ਤੇ ਝੋਨੇ ਦੇ ਅੰਬਾਰ ਲਾ ਦਿੱਤੇ। ਦੱਸ ਦੇਵਾਂ ਕਿ ਭਾਰਤ ਸਰਕਾਰ ਨੇ ਅਨਾਜ ਪੈਦਾਵਾਰ ਵਧਾਉਣ ਲਈ 60 ਦੇ ਦਸ਼ਕ ਵਿਚ ਪਾਇਲਟ ਪ੍ਰਾਜੈਕਟ ਦੇਸ਼ ਦੇ 7 ਜ਼ਿਲ੍ਹਿਆਂ ਵਿਚ ਲਾਗੂ ਕੀਤਾ ਸੀ ਪਰ ਕਾਮਯਾਬ ਸਿਰਫ ਲੁਧਿਆਣਾ ਵਿਚ ਹੋਇਆ।
ਖੇਤੀ ਸਫ਼ਲ ਹੋਈ ਤੇ ਘਰ-ਘਰ ਭੰਡਾਰੇ ਭਰੇ। ਅੱਗੋਂ ਦੇਸ਼ ਦਾ ਢਿੱਡ ਭਰਿਆ ਜੋ ਕਦੇ ਇਕਨਾਮਿਕਸ ਦੀ ਟਰਮ “ਸ਼ਿਪ ਟੂ ਮਾਊਥ“ ਕਰਕੇ ਬਦਨਾਮ ਸੀ। ਇਹ ਟਰਮ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਕਣਕ ਮੰਗਵਾ ਕੇ ਲੋਕਾਂ ਨੂੰ ਰੋਟੀ ਮਿਲਣ ਕਰਕੇ ਮਸ਼ਹੂਰ ਹੋਈ ਸੀ। ਪੰਜਾਬੀਆਂ ਨੇ ਇਹ ਕਲੰਕ ਲਾਹਿਆ ਤੇ ਹੁਣ ਅਸੀਂ ਦੂਜਿਆਂ ਨੂੰ ਦੇਣ ਦੇ ਸਮਰੱਥ ਹੋਏ ਹਾਂ।
ਜੋ ਖੇਤ, ਖੇਤੀ, ਖਿੱਤੇ ਦੇ ਸੁਭਾਅ ਨੂੰ ਨਹੀਂ ਸਮਝਦੇ, ਉਹ ਸਮਝਦੇ ਹਨ ਕਿ ਜਿਸ ਦੀ ਜੇਬ ਵਿਚ ਪੈਸੇ ਹਨ, ਉਹ ਜਿੱਥੋਂ ਜੋ ਮਰਜ਼ੀ ਖਾਣ ਲਈ ਖਰੀਦ ਸਕਦਾ ਹੈ। ਇਥੇ ਹੀ ਤਿੱਖਾ ਮੋੜ ਹੈ।
ਖੇਤੀ ਉਪਜ ਸਥਾਈ ਨਹੀਂ। ਮੌਸਮ ਉੱਪਰ ਬਹੁਤ ਨਿਰਭਰ ਹੈ। ਸਰਕਾਰ ਉੱਪਰ ਉਸ ਤੋਂ ਵੀ ਜ਼ਿਆਦਾ ਹੈ। ਇਕ ਸੀਜ਼ਨ ਵੀ ਫਸਲ ਨਾ ਹੋਵੇ ਤਾਂ ਕਿਸਾਨ ਆਪਣੇ ਖਾਣ ਜੋਗੇ ਦਾਣੇ ਤਾਂ ਕਰ ਲਵੇਗਾ ਪਰ ਬਾਕੀ ਮਹਿੰਗਾਈ ਨਾਲ ਪਿਸਣਗੇ। ਇਹ ਮਿੱਥ ਟੁੱਟ ਜਾਵੇਗੀ ਕਿ ਪੈਸੇ ਨਾਲ ਸਭ ਕੁਝ ਖ਼ਰੀਦਿਆ ਜਾ ਸਕਦਾ ਹੈ। ਖੇਤੀ ਉਪਜ ਹਰ ਖਾਣ ਵਾਲੇ ਪਦਾਰਥ ਦਾ ਕੱਚਾ ਮਾਲ ਹੈ । ਜੇ ਉਹ ਨਾ ਰਿਹਾ ਤਾਂ ਸਭ ਤਹਿਸ-ਨਹਿਸ ਹੋ ਸਕਦਾ ਹੈ। ਵੈਸੇ ਵੀ ਪੰਜਾਬ ਦੇ ਸੰਦਰਭ ਵਿਚ ਕਣਕ – ਝੋਨੇ ਦੇ ਸੀਜ਼ਨ ਵਿਚ ਲਗਭਗ 70 ਹਜ਼ਾਰ ਕਰੋੜ ਰੁਪਏ ਹਰ ਸਾਲ ਆਉਂਦੇ ਹਨ, ਜਿਸ ਨਾਲ ਵਿੱਤੀ ਪਹੀਆ ਘੁੰਮਦਾ ਹੈ। ਮਾਰਕੀਟ, ਦੁਕਾਨਾਂ, ਵਪਾਰ ਚਲਦਾ ਹੈ।
ਜਦੋਂ ਰੂਸ ਵਿਚ ਬੋਲਸ਼ੇਵਿਕ ਕ੍ਰਾਂਤੀ ਹੋਈ ਸੀ ਤਾਂ ਉਸਦਾ ਮੁੱਖ ਨਾਅਰਾ “ਪੀਸ, ਲੈਂਡ ਐਂਡ ਬਰੈਂਡ ਸੀ। ਲੋਕ ਇਕ-ਇਕ ਬਰੈਂਡ ਲਈ ਲੜ ਮਰੇ ਸਨ। ਜਦੋਂ ਮਹਾਨ ਖੇਤੀ ਵਿਗਿਆਨੀ ਨਾਰਮਨ ਬੋਰਲਾਗ ਨੂੰ “ਨੋਬਲ ਪੀਸ“ ਸਨਮਾਨ ਮਿਲਿਆ ਤਾਂ ਕਈਆਂ ਨੇ ਰੌਲਾ ਪਾ ਲਿਆ ਕਿ ਉਹ ਤਾਂ ਖੇਤੀ ਵਿਗਿਆਨੀ ਸੀ ਪਰ ਉਸਨੂੰ “ਪੀਸ“ ਸਨਮਾਨ ਕਿਵੇਂ ਦੇ ਦਿੱਤਾ? ਪਰ ਜਿਊਰੀ ਦਾ ਤਰਕ ਸੀ ਜੇਕਰ ਉਹ ਵੱਧ ਝਾੜ ਵਾਲੇ ਬੀਜ ਪੈਦਾ ਨਾ ਕਰਦਾ ਤਾਂ ਭੁੱਖਮਰੀ ਕਾਰਨ ਕਈ ਦੇਸ਼ਾਂ ਵਿਚ ਗ੍ਰਹਿ ਯੁੱਧ ਛਿੜਨੇ ਸਨ ਪਰ ਉਸਦੇ ਬੀਜਾਂ ਨੇ ਵਾਧੂ ਅੰਨ ਪੈਦਾ ਕੀਤਾ, ਲੋਕ ਰੱਜ ਗਏ। ਭੁੱਖੇ ਢਿੱਡ ਰੋਟੀ ਦੇ ਟੁੱਕੜ ਖੋਹਣ ਲਈ ਹੋਣ ਵਾਲੀਆਂ ਲੜਾਈਆਂ ਟਲ ਗਈਆਂ।
ਜੋ ਅਨਾਜ ਨੂੰ ਬਾਕੀ ਵਸਤਾਂ ਵਾਂਗ “ਕਮੋਡਟੀ“ ਮੰਨਦੇ ਹਨ, ਉਹ ਇਹ ਸਮਝਣ ਕਿ ਕੋਈ ਭਾਵੇਂ ਜਿੰਨੀਆਂ ਮਰਜ਼ੀ ਗਾਰੰਟੀਆਂ ਦੇ ਦੇਵੇ ਪਰ ਖੇਤੀ ਉਪਜ ਦਾ ਕੇਵਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਰ ਗਾਰੰਟੀ ਕੋਈ ਨਹੀਂ ਦੇ ਸਕਦਾ। ਇਹ ਵਿਦੇਸ਼ੀ ਮੁਦਰਾ ਭੰਡਾਰ ਤੋਂ ਵੀ ਤਿਲਕਵਾਂ ਖੇਤਰ ਹੈ।
ਅੰਦੋਲਨ ਤਾਂ ਤਾਮਿਲਨਾਡੂ ਦੇ ਕਿਸਾਨਾਂ ਨੇ ਵੀ ਕੀਤਾ ਸੀ ਦਿੱਲੀ ਆ ਕੇ, ਅਰਧ ਨਗਨ ਹੋ ਕੇ ਕੀਤਾ ਸੀ। ਠਹਿਰਾਅ ਬਣਿਆ ਸੀ ਗੁਰਦੁਆਰਾ ਬੰਗਲਾ ਸਾਹਿਬ। ਨਾਸਿਕ ਦੇ ਪਿਆਜ਼ ਪੈਦਾ ਕਰਨ ਵਾਲੇ ਕਿਸਾਨ ਵੀ ਮੰਦੜੇ ਹਾਲ ਨੇ। ਖੇਤੀ ਅੰਦੋਲਨ ਤਾਂ ਸਾਰੇ ਯੂਰਪ ਵਿਚ ਹੋ ਰਹੇ ਹਨ। ਕਿਸਾਨ ਮੰਗਦੇ ਨੇ ਕਣਕ ਤੇ ਝੋਨੇ ਵਾਂਗ ਸਰਕਾਰ ਬਾਕੀ ਫਸਲਾਂ ਉੱਪਰ ਵੀ ਨਾ ਕੇਵਲ ਘੱਟੋ-ਘੱਟ ਸਮਰਥਨ ਮੁੱਲ ਐਲਾਨੇ ਸਗੋਂ ਖਰੀਦ ਵੀ ਯਕੀਨੀ ਬਣਾਵੇ।
ਕਣਕ – ਝੋਨੇ ਨੂੰ ਛੱਡ ਕੇ ਬਾਕੀ ਫਸਲਾਂ ਦੇ ਤਿਲਕਵੇਂ ਭਾਅ ਕਰਕੇ ਜ਼ਿਮੀਂਦਾਰ ਦੀ ਹਾਲਤ ਜੂਏਬਾਜ਼ ਵਰਗੀ ਹੁੰਦੀ ਹੈ। ਕਦੇ ਦਾਅ ਲੱਗ ਜਾਂਦਾ ਹੈ ਪਰ ਬਹੁਤੀ ਵਾਰ ਜੇਬ ਵਿਚੋਂ ਦਾਅ ਉੱਪਰ ਲਾਏ ਵੀ ਨਹੀਂ ਮੁੜਦੇ। ਕਿੰਨੂ ਵਾਲਿਆਂ ਦਾ ਹਾਲ ਤੁਹਾਡੇ ਸਾਹਮਣੇ ਹੈ। ਦੁਆਬੇ ਦੀਆਂ ਸੜਕਾਂ ਉੱਪਰ ਆਲੂ ਰੁਲਣ ਵਾਂਗ ਮਾਲਵੇ ਵਿਚ ਕਿੰਨੂ ਰੁਲ ਰਹੇ ਹਨ।
(ਲੇਖਕ ਜਲੰਧਰ ਜ਼ਿਲ੍ਹੇ ਦੇ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ।)
(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)