ਬ੍ਰਸੇਲਜ਼ : ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ ‘ਚ ਬੈਲਜੀਅਮ ਦੀ ਮੋਰੱਕੋ ਤੋਂ ਹਾਰ ਤੋਂ ਬਾਅਦ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ‘ਚ ਕਈ ਥਾਵਾਂ ‘ਤੇ ਦੰਗੇ ਭੜਕ ਗਏ। ਫੁੱਟਬਾਲ ਪ੍ਰਸ਼ੰਸਕਾਂ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਇਕ ਰਿਪੋਰਟ ਮੁਤਾਬਕ ਸਥਾਨਕ ਪੁਲਿਸ ਨੇ ਦੰਗਾ ਕੰਟਰੋਲ ਸਟਾਫ ਨਾਲ ਝੜਪ ਕਰਨ ਵਾਲੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਬ੍ਰਸੇਲਜ਼ ‘ਚ ਕਈ ਥਾਵਾਂ ‘ਤੇ ਦੰਗੇ ਦੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸ਼ਾਂਤ ਕਰਨ ‘ਚ ਪੁਲਿਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।


ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸ਼ਾਮ ਨੂੰ ਸਥਿਤੀ ਕੰਟਰੋਲ ਵਿਚ ਕਰ ਲਈ ਸੀ ਤੇ ਹੁਣ ਅਮਨ-ਸ਼ਾਂਤੀ ਦਾ ਮਾਹੌਲ ਹੈ। ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਿਸ ਦੀ ਗਸ਼ਤ ਜਾਰੀ ਹੈ। ਫਿਲਹਾਲ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਜੋ ਇਕ ਵਾਰ ਫਿਰ ਤੋਂ ਸ਼ਹਿਰ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਸਕਦੇ ਹਨ। ਇਸ ਦੇ ਨਾਲ ਹੀ ਪੁਲਿਸ ਦੀ ਇਕ ਟੀਮ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਦੰਗਿਆਂ ਦੇ ਕਾਰਨਾਂ ਤੇ ਸਾਜਿਸ਼ਕਰਤਾ ਦਾ ਸਪੱਸ਼ਟ ਪਤਾ ਲਗਾਇਆ ਜਾ ਸਕੇ।

ਕਤਰ ‘ਚ ਫੀਫਾ ਵਿਸ਼ਵ ਕੱਪ ਦੇ ਮੈਚ ‘ਚ ਮੋਰੱਕੋ ਦੀ ਬੈਲਜੀਅਮ ‘ਤੇ ਜਿੱਤ ਤੋਂ ਬਾਅਦ ਐਤਵਾਰ ਨੂੰ ਬੈਲਜੀਅਮ ਪੁਲਿਸ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ‘ਚ ਲਿਆ ਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਬੈਲਜੀਅਮ ਦੀ ਰਾਜਧਾਨੀ ‘ਚ ਕਈ ਥਾਵਾਂ ‘ਤੇ ਦੰਗੇ ਹੋਏ ਜਿੱਥੇ ਦਰਜਨਾਂ ਫੁੱਟਬਾਲ ਪ੍ਰਸ਼ੰਸਕ ਮੋਰੱਕੋ ਦਾ ਝੰਡਾ ਲੈ ਕੇ ਪੁੱਜੇ। ਪੁਲਿਸ ਨੂੰ ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਪੁਲਿਸ ਨੇ ਕਿਹਾ, “ਦੰਗਾਕਾਰੀਆਂ ਨੇ ਆਤਿਸ਼ਬਾਜੀ ਸਮੱਗਰੀ, ਪ੍ਰੋਜੈਕਟਾਈਲ, ਲਾਠੀਆਂ ਦੀ ਵਰਤੋਂ ਕੀਤੀ ਤੇ ਜਨਤਕ ਰਾਜਮਾਰਗ ਨੂੰ ਅੱਗ ਲਗਾ ਦਿੱਤੀ।” ਇਸ ਦੰਗੇ ਦੌਰਾਨ ਇੱਕ ਪੱਤਰਕਾਰ ਨੂੰ ਵੀ ਸੱਟਾਂ ਲੱਗੀਆਂ ਹਨ।