ਫਿਰੋਜ਼ਪੁਰ, 6 ਨਵੰਬਰ|  ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪਰ ਫਿਰ ਵੀ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਤਾਰ ਲਗਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਆਏ ਦਿਨ ਸੜਕਾਂ ‘ਤੇ ਹਾਦਸੇ ਵਾਪਰਦੇ ਰਹਿੰਦੇ ਹਨ।

ਅਜਿਹਾ ਹੀ ਇੱਕ ਮਾਮਲਾ ਸਰਹੱਦੀ ਪਿੰਡ ਸਵਾਇਆ ਰਾਏ ਵਿਖੇ ਸਾਹਮਣੇ ਆਇਆ ਹੈ, ਜਿੱਥੇ ਮਾਂ-ਪੁੱਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਵਾਪਸ ਪਰਤ ਰਹੇ ਸੀ ਤਾਂ ਜਦ ਉਹ ਰਸਤੇ ਵਿੱਚ ਪੁੱਜੇ ਤਾਂ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ।

ਸ਼ਾਮ ਦਾ ਸਮਾਂ ਹੋਣ ਕਾਰਨ ਧੂੰਆਂ ਇੰਨਾ ਜ਼ਿਆਦਾ ਸੀ ਕਿ ਨੌਜਵਾਨ ਸੰਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਤੇ ਉਸ ਦਾ ਹੀਰੋ ਹਾਂਡਾ ਮੋਟਰਸਾਈਕਲ ਉਠ ਰਹੀਆਂ ਅੱਗ ਦੀਆਂ ਲਪਟਾਂ ਵਿੱਚ ਆ ਗਿਆ ਤੇ ਉਸ ਦੇ ਹੱਥ-ਪੈਰ ਸੜ ਗਏ। ਜਦੋਂ ਉਸ ਦੀ ਮਾਤਾ ਸੁਨੀਤਾ ਰਾਣੀ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੀ ਹੱਥ-ਪੈਰ ਸੜ ਗਏ।

ਇਸ ਮੌਕੇ ਪੀੜਤ ਮਾਂ-ਪੁੱਤ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਨੇੜੇ ਲਛਮਣ ਨਹਿਰ ਤੋਂ ਘਰ ਨੂੰ ਵਾਪਸ ਪਰਤ ਰਹੇ ਸੀ ਤਾਂ ਪਿੰਡ ਸਵਾਇਆ ਰਾਏ ਉਤਾੜ ਦੇ ਪਾਸ ਪੁੱਜੇ ਤਾਂ ਉਥੋਂ ਦੇ ਕਿਸਾਨ ਵੱਲੋਂ ਆਪਣੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ, ਜਿਸ ਕਾਰਨ ਸੜਕ ‘ਤੇ ਧੂੰਆਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ, ਜਿਸਦੇ ਚਲਦਿਆਂ ਉਹ ਅੱਗ ਦੇ ਸ਼ਿਕਾਰ ਹੋ ਗਏ ਤੇ ਉਨ੍ਹਾਂ ਦੇ ਹੱਥ-ਪੈਰ ਸੜ ਗਏ । ਜਿਸ ਤੋਂ ਬਾਅਦ ਪੀੜਤ ਮਾਂ- ਪੁੱਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰੂਹਰਸਹਾਏ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।