ਮਮਦੋਟ/ਫਾਜ਼ਿਲਕਾ | ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਤੋਂ ਬਾਬਾ ਬੁੱਢਾ ਸਾਹਿਬ ‘ਤੇ ਜਾ ਰਹੀ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਦੀ ਅੱਧੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕੀ ਲਾਗੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ 11 ਸਾਲਾ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 36 ਦੇ ਕਰੀਬ ਸ਼ਰਧਾਲੂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਦੱਸਣਯੋਗ ਹੈ ਕਿ ਰਾਜਸਥਾਨ ਨੇੜੇ ਲੱਗਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਤੇ ਪੰਜਾਵਾਂ ਦੇ ਸ਼ਰਧਾਲੂ ਮੱਥਾ ਟੇਕਣ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜਾ ਰਹੇ ਸਨ ਕਿ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਫਿਰੋਜ਼ਪੁਰ ਵੱਲੋਂ ਆ ਰਹੇ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਲੀ ਖੇਤਾਂ ਵਿੱਚ ਜਾ ਡਿੱਗੀ।

ਹਾਦਸੇ ‘ਚ 11 ਸਾਲਾ ਬੱਚੇ ਕਰਨ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ 3 ਦਰਜਨ ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ।

ਫਿਰੋਜ਼ਪੁਰ ‘ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ 3 ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਅੰਮ੍ਰਿਤਸਰ, ਲੁਧਿਆਣਾ ਤੇ ਮੋਗਾ ਦੇ ਹਸਪਤਾਲਾਂ ‘ਚ ਭੇਜਿਆ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੈਕਟਰ ਅੱਧ-ਵਿਚਾਲਿਓਂ 2 ਹਿੱਸਿਆ ‘ਚ ਟੁੱਟ ਗਿਆ।