ਅੰਮ੍ਰਿਤਸਰ, 19 ਅਕਤੂਬਰ | ਗੁਰਪ੍ਰੀਤ ਸਿੰਘ ਕਤਲਕਾਂਡ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਆਉਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨੇ ਇਸ ਪਿੱਛੇ ਕੋਈ ਸਾਜਿਸ਼ ਹੋਣ ਦਾ ਦਾਅਵਾ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਇਲਜ਼ਾਮ ਲਾਏ ਹਨ ਕਿ ਸਿਆਸੀ ਸ਼ਹਿ ਦੇ ਉੱਤੇ ਉਨ੍ਹਾਂ ਦੇ ਬੇਟੇ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਸਵਾਲ ਕੀਤਾ ਕਿ 3000 ਕਿਲੋਮੀਟਰ ਦੂਰ ਬੈਠਾ ਅੰਮ੍ਰਿਤਪਾਲ ਸਿੰਘ ਕਿਵੇਂ ਕਤਲ ਕਰਵਾ ਸਕਦਾ ਹੈ। ਇਹ ਸਭ ਏਜੰਸੀਆਂ ਕਰਵਾ ਰਹੀਆਂ ਹਨ। ਜਦੋਂ ਵੀ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦੀਆਂ ਸੰਭਾਵਨਾਵਾਂ ਬਣਦੀਆਂ ਹਨ ਤਾਂ ਏਜੰਸੀਆਂ ਵੱਲੋਂ ਅਜਿਹਾ ਹੀ ਕੰਮ ਕੀਤਾ ਜਾਂਦਾ ਹੈ। ਏਜੰਸੀਆਂ ਦੀ ਚਾਲ ਨੂੰ ਸਮਝਦੇ ਹੋਏ ਲੋਕਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਲੋੜ ਹੈ।

ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਰਿਟਾਇਰਡ ਜੱਜ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਹ ਬਾਅਦ ਦੁਪਹਿਰ 3 ਵਜੇ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰਨਗੇ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ, ਜੋ ਕਤਲ ਦੀ ਸਾਜ਼ਿਸ਼ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ। ਇਸ ਤੋਂ ਬਾਅਦ ਅੱਜ ਪੁਲਿਸ ਨੇ ਇਸ ਕੇਸ ਵਿਚ ਅੰਮ੍ਰਿਤਪਾਲ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)