ਅੰਮ੍ਰਿਤਸਰ, 6 ਦਸੰਬਰ| ਸ਼ਹਿਰ ‘ਚ ਇਕ ਔਰਤ ਆਪਣੇ ਪਤੀ ਨਾਲ ਝਗੜਾ ਕਰਕੇ ਪ੍ਰੇਮੀ ਨਾਲ ਭੱਜ ਗਈ। ਜਾਣ ਤੋਂ ਪਹਿਲਾਂ ਉਸਨੇ ਪੂਰੇ ਪਰਿਵਾਰ ਨੂੰ ਰਾਤ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਔਰਤ ਦੇ ਭੱਜਣ ਤੋਂ ਬਾਅਦ ਉਸ ਦੀ 11 ਮਹੀਨੇ ਦੀ ਬੇਟੀ ਦੀ ਸਿਹਤ ਵਿਗੜ ਗਈ। ਮਾਸੂਮ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਾਮਲਾ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਕੱਕੜ ਦਾ ਹੈ। ਹੀਰਾ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਉਸ ਦੀ ਪਤਨੀ ਲਕਸ਼ਮੀ ਕੌਰ ਸਾਰੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਖੁਆ ਕੇ ਭੱਜ ਗਈ। ਸਾਰਾ ਪਰਿਵਾਰ ਰਾਤ ਨੂੰ ਨੀਂਦ ਦੀਆਂ ਗੋਲੀਆਂ ਦੇ ਨਸ਼ੇ ਵਿਚ ਸੁੱਤਾ ਰਿਹਾ. ਸਵੇਰੇ ਜਾਗਿਆ ਤਾਂ 11 ਮਹੀਨੇ ਦੀ ਨਿਮਰਤ ਦੀ ਤਬੀਅਤ ਵਿਗੜ ਚੁੱਕੀ ਸੀ।
ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਲੜਕੀ ਦੀ ਲਾਸ਼ ਲੈ ਕੇ ਥਾਣਾ ਲੋਪੋਕੇ ਪਹੁੰਚਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ।
ਲਕਸ਼ਮੀ ਦੇ ਪਰਿਵਾਰ ਵਾਲਿਆਂ ਨੇ ਘਰਿੰਡੇ ‘ਚ ਸ਼ਿਕਾਇਤ ਦਰਜ ਕਰਵਾਈ ਹੈ
ਇਸੇ ਦੌਰਾਨ ਲਕਸ਼ਮੀ ਦੇ ਪਰਿਵਾਰ ਵਾਲਿਆਂ ਨੇ ਹੀਰਾ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਉਨ੍ਹਾਂ ਦੀ ਲੜਕੀ ਦਾ ਕਤਲ ਕਰਕੇ ਲਾਸ਼ ਨੂੰ ਕਿਤੇ ਸੁੱਟ ਦਿੱਤਾ ਹੈ। ਜਿਸ ਦੀ ਜਾਂਚ ਅਜੇ ਜਾਰੀ ਸੀ ਪਰ ਇਸ ਦੌਰਾਨ 11 ਮਹੀਨੇ ਦੀ ਬੱਚੀ ਦੀ ਵੀ ਮੌਤ ਹੋ ਗਈ।
ਪੁਲਸ ਨੇ ਲਕਸ਼ਮੀ ਨੂੰ ਗ੍ਰਿਫਤਾਰ ਕਰ ਲਿਆ
ਪੁਲਿਸ ਨੇ ਕਾਰਵਾਈ ਕਰਦੇ ਹੋਏ ਲਕਸ਼ਮੀ ਕੌਰ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਪ੍ਰੇਮੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਫਿਲਹਾਲ ਦੋਸ਼ੀ ਲਕਸ਼ਮੀ ਨੀਂਦ ਦੀਆਂ ਗੋਲੀਆਂ ਦੇਣ ਨੂੰ ਲੈ ਕੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਹਿ ਰਹੀ ਹੈ।
ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਦੀ ਰਿਪੋਰਟ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।