ਫਤਿਹਗੜ੍ਹ ਸਾਹਿਬ | ਪੰਜਾਬ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਦੱਸ ਦਈਏ ਕਿ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰੇ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਪੈਟਰੋਲ ਪੰਪ ਦੇ ਕਰਮਚਾਰੀ ਜਾ ਰਹੇ ਸਨ।
ਇਸ ਦੌਰਾਨ ਬਦਮਾਸ਼ਾਂ ਨੇ ਓਵਰਬ੍ਰਿਜ ਉਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਕਰਮਚਾਰੀਆਂ ਅੱਗੇ ਕਾਰ ਖੜ੍ਹੀ ਕਰ ਲਈ ਤੇ ਪਿਸਤੌਲ ਦਿਖਾ ਕੇ 4 ਨਕਾਬਪੋਸ਼ਾਂ ਨੇ ਕੈਸ਼ ਲੁੱਟ ਲਿਆ। ਇਹ ਘਟਨਾ ਪਿੰਡ ਭੱਟ ਮਾਜਰਾ ਨੇੜੇ ਨੈਸ਼ਨਲ ਹਾਈਵੇ ‘ਤੇ ਵਾਪਰੀ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦਾ ਕਰਿੰਦਾ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖਾ ਵਿਚ 40 ਲੱਖ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ, ਜੋ 3 ਦਿਨਾਂ ਦਾ ਕੈਸ਼ ਸੀ। ਇਸ ਦੌਰਾਨ ਲੁਟੇਰਿਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਡਾਕਟਰ ਰਵਜੋਤ ਗਰੇਵਾਲ ਤੋਂ ਇਲਾਵਾ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੈਟਰੋਲ ਪੰਪ ਦੇ ਕਰਮਚਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਜਿਵੇਂ ਹੀ ਉਹ ਆਪਣੀ ਕਾਰ ਲੈ ਕੇ ਰੇਲਵੇ ਪੁਲ ਦੇ ਹੇਠਾਂ ਪਹੁੰਚਿਆ ਤਾਂ ਲੁਟੇਰਿਆਂ ਨੇ ਆਪਣੀ ਕਾਰ ਉਸ ਦੇ ਅੱਗੇ ਲਾ ਦਿੱਤੀ। ਲੁਟੇਰਿਆਂ ਨੇ ਹਰਮੀਤ ਸਿੰਘ ਨੂੰ ਘੇਰ ਲਿਆ ਅਤੇ ਹਵਾ ਵਿਚ ਗੋਲੀਆਂ ਚਲਾਈਆਂ। ਹਰਮੀਤ ਸਿੰਘ ਨੇ ਦੱਸਿਆ ਕਿ ਸਾਰੇ ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ ਤੇ ਉਹ 40 ਲੱਖ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।