ਫਰੀਦਕੋਟ, 19 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਿਟੀ ਥਾਣੇ ‘ਚ ਪੰਜਾਬ ਪੁਲਿਸ ਦੇ ਹੌਲਦਾਰ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੀੜਤ ਲੜਕੀ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ, ਜਿਸ ‘ਚ ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮ ਕਾਂਸਟੇਬਲ ਨੇ ਵਿਆਹ ਦੇ ਬਹਾਨੇ ਉਸ ਦੀ ਮਰਜ਼ੀ ਖਿਲਾਫ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਉਹ ਵਿਆਹ ਤੋਂ ਇਨਕਾਰ ਕਰ ਰਿਹਾ ਹੈ।

ਪੀੜਤਾ ਨੇ ਕਿਹਾ ਕਿ ਉਸ ਦੀ ਕਰੀਬ ਸਾਲ ਪਹਿਲਾਂ ਪੰਜਾਬ ਪੁਲਿਸ ਫ਼ਿਰੋਜ਼ਪੁਰ ਵਿਚ ਕਾਂਸਟੇਬਲ ਵਜੋਂ ਤਾਇਨਾਤ ਕੰਵਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਲਸੀਆਂ ਤਰਨਤਾਰਨ ਨਾਲ ਦੋਸਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਸ ਨੇ ਤਲਾਕ ਲਈ ਕੇਸ ਦਾਇਰ ਕੀਤਾ ਹੈ, ਜਿਸ ਤੋਂ ਬਾਅਦ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਲੱਗੇ।

ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਸਰੀਰਕ ਸਬੰਧ ਬਣਾਏ, ਜਿਸ ਤੋਂ ਬਾਅਦ ਉਹ ਵਿਆਹ ਕਰਵਾਉਣ ਲਈ ਕਹਿਣ ਲੱਗੀ ਪਰ ਮੁਲਜ਼ਮ ਵਾਰ-ਵਾਰ ਵਿਆਹ ਲਈ ਟਾਲਦਾ ਰਿਹਾ ਅਤੇ ਆਖਿਰਕਾਰ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੀੜਤਾ ਦੀ ਉਪਰੋਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਪੰਜਾਬ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਕੰਵਲਜੀਤ ਸਿੰਘ ਖਿਲਾਫ਼ ਜਬਰ-ਜ਼ਨਾਹ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ।