ਫਰੀਦਕੋਟ, 16 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿਚ ਨਸ਼ਾ ਤੇ ਮੋਬਾਇਲ ਫੋਨ ਸਪਲਾਈ ਕਰਨ ਦੇ ਮਾਮਲੇ ਵਿਚ ਜ਼ਿਲਾ ਪੁਲਿਸ ਨੇ ਜਾਂਚ ਤੋਂ ਬਾਅਦ ਜੇਲ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਇਸ ਡਰੱਗ ਰੈਕੇਟ ਨਾਲ ਜੁੜੀ ਜੇਲ ਵਿਚ ਬੰਦ ਇਕ ਕੈਦੀ ਦੀ ਪਤਨੀ ਸੁਨੀਤਾ ਰਾਣੀ ਨੂੰ ਵੀ ਕਾਬੂ ਕੀਤਾ ਹੈ।

ਲਗਭਗ 10 ਦਿਨ ਪਹਿਲਾਂ ਜੇਲ੍ਹ ਤੋਂ 2 ਹਵਾਲਾਤੀਆਂ ਦੇ ਵੀਡੀਓ ਵਾਇਰਲ ਕਰਨ ਉਤੇ ਇਕ ਕੈਦੀ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਮਗਰੋਂ ਜ਼ਿਲ੍ਹਾ ਪੁਲਿਸ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਤਾਂ ਸਾਹਮਣੇ ਆਇਆ ਕਿ ਫਰੀਦਕੋਟ ਜੇਲ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਜੇਲ ਵਿਚ ਨਸ਼ਾ ਤੇ ਫੋਨ ਸਪਲਾਈ ਕਰਨ ਦਾ ਰੈਕੇਟ ਚਲਾਇਆ ਜਾ ਰਿਹਾ ਹੈ। ਇਹ ਲੋਕ ਬਾਹਰ ਤੋਂ ਸੁੱਟਵਾ ਕੇ ਸਾਮਾਨ ਅੰਦਰ ਮੰਗਵਾਉਂਦੇ ਹਨ ਤੇ ਇਸ ਦੇ ਬਦਲੇ ਆਨਲਾਈਨ ਭੁਗਤਾਨ ਲਿਆ ਜਾ ਰਿਹਾ ਹੈ।

ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਕੈਦੀ ਅਨੂਪ ਅਰੋੜਾ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਬਾਅਦ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਏ। ਇਸ ਦੇ ਆਧਾਰ ‘ਤੇ ਹੁਣ ਜੇਲ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਤੋਂ ਇਲਾਵਾ ਅਨੂਪ ਨਾਲ ਕੈਦੀ ਸ਼ਿਆਮ ਲਾਲ ਦੀ ਪਤਨੀ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਹੀ ਜੇਲ ਅੰਦਰ ਨਸ਼ਾ ਪਹੁੰਚਾਉਣ ਵਿਚ ਮਦਦ ਕਰਦੇ ਸਨ ਤੇ ਆਨਲਾਈਨ ਭੁਗਤਾਨ ਦਾ ਵੀ ਲੈਣ-ਦੇਣ ਕਰਦੇ ਸਨ।

ਇਸ ਤੋਂ ਇਲਾਵਾ ਅਨੂਪ ਅਰੋੜਾ ਦੇ ਸੰਪਰਕ ਵਾਲੇ ਗੋਇੰਦਵਾਲ ਜੇਲ ਵਿਚ ਬੰਦ ਅਮਨਦੀਪ ਸਿੰਘ ਨੂੰ ਵੀ ਉਕਤ ਕੇਸ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਫਰੀਦਕੋਟ ਲਿਆਂਦਾ ਗਿਆ ਹੈ। 2 ਹੋਰ ਕੈਦੀਆਂ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।