20 ਤੋਂ ਵੱਧ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਮਚਾਈ ਤਬਾਹੀ, 21 ਲੋਕਾਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 05 ਮਾਰਚ | ਲੁਧਿਆਣਾ ਦੇ ਧੂਰੀ ਲਾਈਨ ਇਲਾਕੇ ਵਿੱਚ ਬੱਚਿਆਂ ਦੀ ਲੜਾਈ ਦੇ ਮਾਮਲੇ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋਂ ਕਰੀਬ 20 ਤੋਂ 22 ਹਮਲਾਵਰਾਂ ਨੇ ਇੱਕ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਥਾਣਾ ਡਿਵੀਜ਼ਨ ਨੰਬਰ-6 ਦੇ ਅਧੀਨ ਆਉਂਦੇ ਸੰਤਪੁਰਾ ਮੋਹੱਲੇ ਵਿੱਚ ਵਾਪਰੀ। ਹਮਲਾਵਰ ਤੇਜ਼ਧਾਰ ਹਥਿਆਰਾਂ ਅਤੇ ਪੈਟਰੋਲ ਦੀਆਂ ਬੋਤਲਾਂ ਨਾਲ ਲੈਸ ਹੋ ਕੇ ਆਏ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਘਰ ਵਿੱਚ ਦਾਖਲ ਹੋ ਕੇ ਤੋੜਫੋੜ ਵੀ ਕੀਤੀ।

ਪੀੜਤ ਰਾਜ ਗੋਸਾਈਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2 ਮਾਰਚ ਦੀ ਸ਼ਾਮ ਉਹ ਆਪਣੇ ਭਰਾ ਰਜਿਤ ਗੋਸਾਈਂ ਅਤੇ ਪਰਿਵਾਰ ਨਾਲ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਘਰ ਦੇ ਬਾਹਰ ਉਸਦਾ ਭਾਂਜਾ ਅਮਨ ਕੁਮਾਰ ਅਤੇ ਸ਼ਿਵਮ ਖੜੇ ਗੱਲਾਂ ਕਰ ਰਹੇ ਸਨ। ਉਸ ਸਮੇਂ ਅਜੈ ਉਰਫ ਕਾਸ਼ੀ, ਹੈੱਪੀ, ਚੀਨੂ ਅਤੇ ਉਨ੍ਹਾਂ ਦੇ ਹੋਰ ਸਾਥੀ ਉੱਥੇ ਪਹੁੰਚੇ ਅਤੇ ਗਾਲੀ-ਗਲੌਚ ਕਰਨ ਲੱਗ ਪਏ। ਜਦੋਂ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਸ਼ੋਰ ਸੁਣ ਕੇ ਜਦੋਂ ਰਾਜ ਗੋਸਾਈਂ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਦੋਸ਼ ਹੈ ਕਿ ਆਪਣੀ ਪਹਿਚਾਣ ਲੁਕਾਉਣ ਲਈ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਇਸ ਤੋਂ ਬਾਅਦ ਉਹ ਜਬਰਦਸਤੀ ਘਰ ਵਿੱਚ ਦਾਖਲ ਹੋ ਗਏ ਅਤੇ ਘਰੇਲੂ ਸਮਾਨ ਦੀ ਤੋੜਫੋੜ ਕੀਤੀ। ਦਹਿਸ਼ਤ ਫੈਲਾਉਣ ਲਈ ਘਰ ਅੰਦਰ ਪੈਟਰੋਲ ਨਾਲ ਭਰੀਆਂ ਬੋਤਲਾਂ ਵੀ ਸੁੱਟੀਆਂ ਗਈਆਂ ਅਤੇ ਪਰਿਵਾਰ ਦੇ ਮੈਂਬਰਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ।

ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਜੈ ਉਰਫ ਕਾਸ਼ੀ, ਚੀਨੂ, ਹੈੱਪੀ, ਕ੍ਰਿਸ਼ਨ ਬਾਵਾ, ਟੇਂਡੂ, ਪਰਮਜੀਤ, ਸਪਨਾ ਉਰਫ਼ ਸ਼ਰਲੀ, ਭੇਦਕਰਨ, ਵਿਕਾਸ ਅਤੇ ਵਿਸ਼ਣੂ ਸਮੇਤ 10 ਨਾਮਜ਼ਦ ਅਤੇ 10-11 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਹੋਰ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਸਾਰੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਮੁਤਾਬਕ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।