ਚੰਡੀਗੜ੍ਹ: ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਆਪਣਾ ਹੁਲੀਆ ਬਦਲ ਰਹੇ ਹਨ। ਦੋਹਾਂ ਸੂਬਿਆਂ ਦੇ ਕਰੀਬ 30 ਅਜਿਹੇ ਨੌਜਵਾਨਾਂ ਦੇ ਫਰਜ਼ੀ ਪਾਸਪੋਰਟ ‘ਤੇ ਆਸਟ੍ਰੇਲੀਆ-ਕੈਨੇਡਾ ਲਈ ਲਗਾਏ ਗਏ ਵੀਜ਼ੇ ਰੱਦ ਕੀਤੇ ਗਏ ਹਨ।

ਇਹਨਾਂ ਨੌਜਵਾਨਾਂ ਨੇ ਦੁਬਾਰਾ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਆਪਣਾ ਹੁਲੀਆ ਬਦਲਿਆ ਅਤੇ ਨਵੇਂ ਪਾਸਪੋਰਟ ਬਣਵਾ ਲਏ। ਕਈ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਹੇਅਰ ਸਟਾਈਲ ਬਦਲ ਲਿਆ ਅਤੇ ਕਈਆਂ ਨੇ ਦਾੜ੍ਹੀ ਦਾ ਸਟਾਈਲ ਬਦਲਿਆ।

ਇਸ ਤੋਂ ਬਾਅਦ ਇਹਨਾਂ ਨੇ ਵੀਜ਼ੇ ਲਈ ਦੁਬਾਰਾ ਅੰਬੈਸੀ ਅਪਲਾਈ ਕੀਤਾ। ਜਦੋਂ ਅੰਬੈਸੀ ਵਿਚ ਬਾਇਓਮੈਟ੍ਰਿਕ ਫਿੰਗਰ ਚੈੱਕ ਹੋਏ ਤਾਂ ਉਹਨਾਂ ਨੂੰ ਸ਼ੱਕ ਹੋਇਆ। ਅੰਬੈਸੀ ਨੇ ਜਾਂਚ ਲਈ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨਾਲ ਸੰਪਰਕ ਕੀਤਾ।

ਚੰਡੀਗੜ੍ਹ ਦਫ਼ਤਰ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨਾਂ ਨੇ ਮੁੜ ਵੀਜ਼ਾ ਲੈਣ ਲਈ ਅਜਿਹਾ ਕੀਤਾ ਹੈ। ਸੂਤਰਾਂ ਅਨੁਸਾਰ ਰੀਜਨਲ ਪਾਸਪੋਰਟ ਦਫ਼ਤਰ ਚੰਡੀਗੜ੍ਹ ਨੇ ਸਬੰਧਤ ਥਾਣਾ ਪੁਲਿਸ ਨੂੰ ਸ਼ਿਕਾਇਤ ਭੇਜ ਦਿੱਤੀ ਹੈ।