ਜਲੰਧਰ। ਫਿਲੌਰ ਨੇੜਲੇ ਪਿੰਡ ਛੋਟੀ ਪਾਲਾਂ ਦੀ ਰਹਿਣ ਵਾਲੀ 10 ਸਾਲਾ ਬੱਚੀ ਪਿੰਡ ਦੇ ਸਰਕਾਰੀ ਸਕੂਲ ਵਿਚ 6ਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਉਤੇ ਹੋਏ ਤਸੀਹਿਆਂ ਬਾਰੇ ਸੁਣ ਕੇ ਕਿਸੇ ਦਾ ਵੀ ਸੀਨਾ ਫਟ ਜਾਵੇਗਾ।

ਇਸ ਮਾਸੂਮ ਦਾ ਸਾਰਾ ਸਰੀਰ ਲੋਹੇ ਦੇ ਗਰਮ ਸਰੀਏ ਨਾਲ ਸਾੜਿਆ ਜਾਂਦਾ ਸੀ। ਇਸ ਘਟਨਾ ਨੂੰ ਅੰਜਾਮ ਕੋਈ ਹੋਰ ਨਹੀਂ ਉਸਦੀ ਆਪਣੀ ਹੀ ਮਾਂ ਦਿੰਦੀ ਸੀ। ਬੱਚੀ ਦੇ ਸਰੀਰ ਵਿਚਲੇ ਜ਼ਖਮ ਹਰ ਵੇਲੇ ਰਿਸਦੇ ਰਹਿੰਦੇ ਸਨ। ਸਕੂਲ ਵਿਚ ਕੋਈ ਉਸਦੇ ਸਰੀਰ ਨੂੰ ਦੇਖ ਨਾ ਲਵੇ, ਇਸਦੇ ਲਈ ਬੱਚੀ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਆਪਣੇ ਸਰੀਰ ਨੂੰ ਢੱਕ ਕੇ ਰੱਖੇ।

ਪੀੜਤ ਲੜਕੀ ਨੇ ਆਪਣੀ ਸਕੂਲ ਟੀਚਰ ਨੂੰ ਦੱਸਿਆ ਤਾਂ ਜਾ ਕੇ ਗੱਲ ਪੰਚਾਇਤ ਤੱਕ ਪੁੱਜੀ। ਪੀੜਤ ਬੱਚੀ ਨੇ ਦੱਸਿਆ ਕਿ ਘਰੋਂ ਪੈਸੇ ਗਾਇਬ ਹੋਏ ਸਨ, ਮਾਂ ਨੂੰ ਲੱਗਾ ਕੇ ਉਸਨੇ ਪੈਸੇ ਚੋਰੀ ਕੀਤੇ ਹਨ। ਜਿਸ ਤੋਂ ਉਸਨੇ ਗਰਮ ਸਰੀਏ ਨਾਲ ਉਸਦੇ ਸਰੀਰ ਨੂੰ ਸਾੜਿਆ, ਪਰ ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕਈ ਵਾਰ ਉਸਦੀ ਕੁੱਟਮਾਰ ਕੀਤੀ ਗਈ ਤੇ ਉਸਦੇ ਸਰੀਰ ਨੂੰ ਗਰਮ ਸਰੀਏ ਨਾਲ ਦਾਗਿਆ ਗਿਆ।

ਮਾਮਲਾ ਜਦੋਂ ਪੰਚਾਇਤ ਕੋਲ ਪੁੱਜਾ ਤਾਂ ਅੱਤਿਆਚਾਰ ਕਰਨ ਵਾਲੀ ਮਾਂ ਰਾਜ ਰਾਣੀ ਨੇ ਦੱਸਿਆ ਕਿ ਉਸਨੇ ਇਹ ਬੱਚੀ ਗੋਦ ਲਈ ਸੀ। ਉਸਦੇ ਮੁਤਾਬਕ ਬੱਚੀ ਦੇ ਮਾਤਾ-ਪਿਤਾ ਗਰੀਬ ਸਨ, ਉਨ੍ਹਾਂ ਨੇ ਮੁੰਡੇ ਦੀ ਚਾਹਤ ਵਿਚ 6 ਕੁੜੀਆਂ ਨੂੰ ਜਨਮ ਦਿੱਤਾ ਸੀ।

ਉਸਨੇ ਦੱਸਿਆ ਕਿ ਉਸਨੇ ਇਸ ਬੱਚੀ ਨੂੰ ਗੋਦ ਲਿਆ ਤੇ ਇਸ ਤੋਂ ਨੌਕਰਾਣੀ ਵਾਂਗ ਘਰ ਦਾ ਕੰਮ ਕਰਵਾਉਣ ਲੱਗੀ ਤੇ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਜਦ ਇਸ ਮਾਮਲੇ ਵਿਚ ਐਤਵਾਰ ਨੂੰ ਪਿੰਡ ਦੀ ਪੰਚਾਇਤ ਬੈਠੀ ਤਾਂ ਕਲਯੁਗੀ ਮਾਂ ਨੇ ਕੰਨ ਫੜ ਕੇ ਮਾਫੀ ਮੰਗ ਕੇ ਜਾਨ ਛੁਡਾਈ।