ਆਗਰਾ| ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ‘ਚ ਮ੍ਰਿਤਕ ਬਜ਼ੁਰਗ ਦੇ ਅੰਗੂਠੇ ਦੇ ਨਿਸ਼ਾਨ ਨਾਲ ਵਸੀਅਤ ਤਿਆਰ ਕਰ ਕੇ ਮਕਾਨ ਅਤੇ ਦੁਕਾਨ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ‘ਚ ਦਿਸ ਰਿਹਾ ਹੈ ਕਿ ਕਾਰ ‘ਚ ਰੱਖੀ ਬਜ਼ੁਰਗ ਦੀ ਲਾਸ਼ ਕੋਲ ਇਕ ਵਿਅਕਤੀ ਆਉਂਦਾ ਹੈ ਅਤੇ ਉਸ ਦੇ ਅੰਗੂਠੇ ਦਾ ਨਿਸ਼ਾਨ ਲੈਂਦਾ ਹੈ।

ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਿਤੇਂਦਰ ਸ਼ਰਮਾ ਨੇ ਦੱਸਿਆ ਕਿ 8 ਮਈ 2021 ਨੂੰ ਉਸ ਦੀ ਨਾਨੀ ਕਮਲਾ ਦੇਵੀ ਦੀ ਮੌਤ ਹੋ ਗਈ ਸੀ। ਉਸ ਦੇ ਜੇਠ ਦੇ ਮੁੰਡੇ ਬੈਜਨਾਥ ਅਤੇ ਅੰਸ਼ੁਲ ਨੇ ਹਸਪਤਾਲ ਲਿਜਾਂਦੇ ਹੋਏ ਰਸਤੇ ‘ਚ ਹੀ ਕਾਰ ਨੂੰ ਰੋਕਿਆ ਅਤੇ ਵਕੀਲ ਨੂੰ ਬੁਲਾ ਕੇ ਮ੍ਰਿਤਕ ਨਾਨੀ ਦੇ ਅੰਗੂਠੇ ਦੇ ਨਿਸ਼ਾਨ ਲਗਵਾ ਕੇ ਵਸੀਅਤਨਾਮਾ ਕਰਵਾ ਕੇ ਜਾਇਦਾਦ ਹੜੱਪ ਲਈ। ਇਹ ਸ਼ਿਕਾਇਤ 21 ਮਈ 2022 ਨੂੰ ਥਾਣਾ ਇੰਚਾਰਜ ਸਦਰ ਬਾਜ਼ਾਰ ‘ਚ ਕੀਤੀ ਗਈ ਸੀ।

ਜਿਤੇਂਦਰ ਅਨੁਸਾਰ ਉਸ ਦੀ ਨਾਨੀ ਦੇ ਜੇਠ ਦਾ ਮੁੰਡਾ ਬੈਜਨਾਥ ਕਮਲਾ ਦੇਵੀ ‘ਤੇ ਪਿਛਲੇ ਕਈ ਸਾਲਾਂ ਤੋਂ ਹੀ ਜਾਇਦਾਦ ਦੀ ਵਸੀਅਤ ਉਨ੍ਹਾਂ ਦੇ ਨਾਮ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਕਮਲਾ ਦੇਵੀ ਇਸ ਗੱਲ ਦਾ ਵਿਰੋਧ ਕਰਦੀ ਸੀ।

8 ਮਈ 2021 ਨੂੰ ਕਮਲਾ ਦੇਵੀ ਦੀ ਅਚਾਨਕ ਮੌਤ ਤੋਂ ਬਾਅਦ ਜਲਦੀ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਜਿਤੇਂਦਰ ਕੋਲ ਇਕ ਵੀਡੀਓ ਆਇਆ, ਜਿਸ ਤੋਂ ਬਾਅਦ ਜਿਤੇਂਦਰ ਨੇ ਕਮਲਾ ਦੇਵੀ ਦਾ ਕਤਲ ਕਰਨ ਦਾ ਖ਼ਦਸ਼ਾ ਜਤਾਇਆ ਹੈ।  ਜਿਤੇਂਦਰ ਨੇ ਦੱਸਿਆ ਕਿ ਉਸ ਦੀ ਨਾਨੀ ਕਮਲਾ ਦੇਵੀ ਦਸਤਖ਼ਤ ਕਰਦੀ ਸੀ। ਜਿਤੇਂਦਰ ਵਲੋਂ ਇਸ ਦੀ ਸ਼ਿਕਾਇਤ ਆਗਰਾ ਸੁਪਰਡੈਂਟ ਅਤੇ ਹੋਰ ਕਈ ਅਧਿਕਾਰੀਆਂ ਨੂੰ ਕੀਤੀ ਗਈ। ਜਿਤੇਂਦਰ ਦਾ ਦੋਸ਼ ਹੈ ਕਿ ਕਿਸੇ ਵੀ ਅਧਿਕਾਰੀ ਵਲੋਂ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀਆਂ ‘ਤੇ ਕਾਰਵਾਈ ਕੀਤੀ ਗਈ।