ਫਾਜ਼ਿਲਕਾ, 24 ਦਸੰਬਰ | ਇਥੋਂ ਦੇ ਗਾਂਧੀ ਨਗਰ ਇਲਾਕੇ ‘ਚ ਪੁਲਿਸ ਨੇ ਇਕ ਘਰ ‘ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਤੀ-ਪਤਨੀ ਅਤੇ 2 ਲੜਕਿਆਂ ਸਣੇ 2 ਲੜਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੀਆਂ ਨੂੰ ਵੀ ਨਾਬਾਲਗ ਦੱਸਿਆ ਜਾ ਰਿਹਾ ਹੈ। ਪੁਲਿਸ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਫਾਜ਼ਿਲਕਾ ਲੈ ਗਈ। ਹਾਲਾਂਕਿ ਇਸ ਸਬੰਧੀ ਜਦੋਂ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੁਝ ਵੀ ਦੱਸਣ ਤੋਂ ਗੁਰੇਜ਼ ਕੀਤਾ।

ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖਬਰ ਖਾਸ ਨੇ ਪੁਲਿਸ ਪਾਰਟੀ ਨੂੰ ਸੂਚਨਾ ਦਿੱਤੀ ਸੀ ਕਿ ਗਾਂਧੀ ਨਗਰ ਨਿਵਾਸੀ ਅਮਿਤ ਗੁੰਬਰ ਅਤੇ ਉਸ ਦੀ ਪਤਨੀ ਰਜਨੀ ਸੈਕਸ ਰੈਕੇਟ ਚਲਾਉਂਦੇ ਹਨ। ਉਹ ਬਾਹਰੋਂ ਮਰਦ-ਔਰਤਾਂ ਬੁਲਾ ਕੇ ਉਨ੍ਹਾਂ ਤੋਂ ਪੈਸੇ ਵਸੂਲਦੇ ਹਨ। ਹੁਣ ਵੀ ਉਹ ਕੁਝ ਲੜਕੇ-ਲੜਕੀਆਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾ ਰਹੇ ਹਨ।

ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ 2 ਲੜਕੇ ਅਤੇ 2 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਫਾਜ਼ਿਲਕਾ ਦੀ ਪੁਲਿਸ ਨੇ ਮਕਾਨ ਮਾਲਕ, ਪਤੀ-ਪਤਨੀ ਅਤੇ 4 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਉਹ ਬਾਲਗ ਹਨ ਜਾਂ ਨਾਬਾਲਗ, ਜਿਸ ਤੋਂ ਬਾਅਦ ਜੇਕਰ ਲੜਕੀਆਂ ਨਾਬਾਲਗ ਹਨ ਤਾਂ ਦੋਸ਼ੀਆਂ ਖਿਲਾਫ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।