ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਤੀ ਦੇਰ ਰਾਤ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਨੌਨੀਤਪੁਰ ਵਿਖੇ ਕੁਝ ਨਕਾਬਪੋਸ਼ਾਂ ਵੱਲੋਂ ਘਰ ‘ਚ ਮੌਜੂਦ ਔਰਤਾਂ ਨੂੰ ਬੰਦੀ ਬਣਾ ਕੇ ਡਾਕਾ ਮਾਰਨ ਦੀ ਖਬਰ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁਲਿਸ ਫੋਰਸ ਅਤੇ ਡਾਗ ਸਕੁਐਡ ਦੀ ਟੀਮ ਨਾਲ ਪਹੁੰਚੇ।

ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਘਰ ‘ਚ ਉਹ ਤੇ ਉਨ੍ਹਾਂ ਦੀ ਨੂੰਹ ਮੌਜੂਦ ਸੀ। ਇਸ ਦੌਰਾਨ 3 ਨਕਾਬਪੋਸ਼ ਉਨ੍ਹਾਂ ਦੇ ਘਰ ਦਾਖ਼ਲ ਹੋਏ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਉਨ੍ਹਾਂ ਤੋਂ ਪੈਸੇ ਮੰਗਣ ਲੱਗੇ।

ਲੁਟੇਰਿਆਂ ਨੇ ਘਰ ਦੀ ਫਰੋਲਾ-ਫਰਾਲੀ ਕਰਨੀ ਸ਼ੁਰੂ ਕਰ ਦਿੱਤੀ ਤੇ 20 ਹਜ਼ਾਰ ਦੀ ਨਕਦੀ ਸਮੇਤ ਗਹਿਣੇ ਵੀ ਲੈ ਗਏ। ਉਨ੍ਹਾਂ ਦਾ ਲਗਭਗ ਇੱਕ ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀਐੱਸਪੀਡੀ ਰਾਕੇਸ਼ ਕੁਮਾਰ ਤੇ ਡੀਐੱਸਪੀ ਪ੍ਰੇਮ ਸਿੰਘ ਸਮੇਤ ਥਾਣਾ ਚੱਬੇਵਾਲ ਦੇ ਐੱਸਐੱਚਓ ਪ੍ਰਦੀਪ ਕੁਮਾਰ ਵੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।

ਡੀਐੱਸਪੀ ਪ੍ਰੇਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅਜਿਹਾ ਲੱਗ ਰਿਹਾ ਹੈ ਕਿ ਇਸ ਘਟਨਾ ਨੂੰ ਨਸ਼ੇੜੀਆਂ ਨੇ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)