ਚੰਡੀਗੜ੍ਹ, 7 ਜਨਵਰੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਰ ਕੇ ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਇੱਕ ਮਹੀਨਾ ਪਹਿਲਾਂ ਹੋਣਗੀਆਂ। ਬੈਂਸ ਨੇ ਕਿਹਾ ਕਿ ਹੜ੍ਹ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਾਫੀ ਛੁੱਟੀਆਂ ਕਰਨੀਆਂ ਪਈਆਂ ਸਨ, ਇਸ ਕਰ ਕੇ ਠੰਢ ਹੋਣ ਦੇ ਬਾਵਜੂਦ ਜ਼ਿਆਦਾ ਛੁੱਟੀਆਂ ਨਹੀਂ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਰ ਕੇ 6 ਫਰਵਰੀ ਤੋਂ ਬੱਚਿਆਂ ਦੇ ਪੇਪਰ ਸ਼ੁਰੂ ਹੋ ਜਾਣਗੇ। ਇਸ ਵਾਰ ਮੈਰੀਟੋਰੀਅਸ ਤੇ ਸਕੂਲ ਆਫ਼ ਐਮੀਨੈਂਸ ਦੇ ਪੇਪਰ ਇਕੱਠੇ ਹੋਣਗੇ। ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਦੇ ਬੱਚਿਆਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ।

ਉਧਰ, ਪੰਜਾਬ ਸਰਕਾਰ ਨੇ ਸੂਬੇ ਦੇ ਸਿਰਫ ਆਂਗਣਵਾੜੀ ਸੈਂਟਰਾਂ ਵਿੱਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆਂ ਲਈ 14 ਜਨਵਰੀ, 2024 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆ ਦਾ ਆਂਗਣਵਾੜੀ ਸੈਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਹਨ।