ਅੰਮ੍ਰਿਤਸਰ, 5 ਦਸੰਬਰ | ਇਥੇ ਇਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਵਾਪਰੀ ਇਸ ਘਟਨਾ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਨੂੰ ਧਿਆਨ ‘ਚ ਰੱਖ ਕੇ ਹੀ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਮਕਬੂਲਪੁਰਾ ਗਲੀ ਨੰਬਰ 6 ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਰਾਤ ਨੂੰ ਘਰ ਦੇ ਬਾਹਰ ਸੀ। ਇਸ ਦੌਰਾਨ ਕਾਰ ‘ਚ 4-5 ਨੌਜਵਾਨ ਆਏ ਅਤੇ ਉਨ੍ਹਾਂ ਦੇ ਬੇਟੇ ਨੂੰ ਗੋਲੀਆਂ ਮਾਰ ਦਿੱਤੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪੀੜਤ ਨੇ ਦੱਸਿਆ ਕਿ ਗੁਰਪ੍ਰੀਤ ਦਾ ਪਿਛਲੇ 4 ਦਿਨਾਂ ਤੋਂ ਇਸੇ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਝਗੜਾ ਚੱਲ ਰਿਹਾ ਸੀ। ਕਈ ਵਾਰ ਉਸ ਨਾਲ ਝਗੜਾ ਵੀ ਹੋਇਆ। ਗੁਰਪ੍ਰੀਤ ਨੂੰ 4 ਗੋਲੀਆਂ ਲੱਗੀਆਂ। ਗੁਰਪ੍ਰੀਤ ਵਿਆਹਿਆ ਹੋਇਆ ਹੈ ਅਤੇ ਉਸ ਦੀਆਂ ਦੋ ਬੇਟੀਆਂ ਹਨ।

ਐਸਐਚਓ ਮਕਬੂਲਪੁਰਾ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਪਰਿਵਾਰ ਨੇ ਹੁਣੇ ਹੀ ਸਚਿਨ, ਰੌਨੀ, ਬਬਲੂ ਖੱਤਰੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)