ਹੁਸ਼ਿਆਰਪੁਰ | ਪਿੰਡ ਤੱਲਾ ਮੱਦਾ ਵਿਖੇ ਇਕ ਜ਼ਿਮੀਂਦਾਰ ਦੀ ਮੋਟਰ ‘ਤੇ 2 ਨੌਜਵਾਨਾਂ ਦੀ ਗਲੀਆਂ ਸੜੀਆਂ ਲਾਸ਼ਾਂ ਮਿਲੀਆਂ । ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਜਾਣਕਾਰੀ ਦਿੰਦਿਆਂ ਜ਼ਿਮੀਂਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤਾਂ ਵਿਚ ਆਇਆ ਤਾਂ ਮੋਟਰ ਵਾਲੇ ਕਮਰੇ ਕੋਲੋਂ 2 ਨੌਜਵਾਨਾਂ ਦੀਆਂ ਲਾਸ਼ਾਂ ਵੇਖੀਆਂ। ਮ੍ਰਿਤਕ ਨੌਜਵਾਨਾਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਦਿਲਦਾਰ ਸਿੰਘ, ਸਾਹਿਲ ਪੁੱਤਰ ਚਨਾ ਦੋਨਾਂ ਨਿਵਾਸੀ ਤਲਾ ਵਜੋਂ ਹੋਈ ਹੈ ਅਤੇ ਉਕਤ ਨੌਜਵਾਨ ਹੋਟਲਾਂ ਅਤੇ ਵਿਆਹਾਂ ਵਿਚ ਵੇਟਰ ਦਾ ਕੰਮ ਕਰਦੇ ਸਨ ਅਤੇ ਦੋਵੇਂ ਹੀ ਨਸ਼ੇ ਦੇ ਆਦੀ ਸਨ।
ਜਾਣਕਾਰੀ ਅਨੁਸਾਰ ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ। ਘਟਨਾ ਦਾ ਅੱਜ ਉਸ ਸਮੇਂ ਖ਼ੁਲਾਸਾ ਹੋਇਆ ਜਦੋਂ ਇਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਗਿਆ ਸੀ। ਇਸ ਦੌਰਾਨ 2 ਨੌਜਵਾਨਾਂ ਦੀਆਂ ਲਾਸ਼ਾਂ ਨਸ਼ੇ ਵਾਲੀਆਂ ਸਰਿੰਜਾਂ ਸਮੇਤ ਬਰਾਮਦ ਕੀਤੀਆਂ ਗਈਆਂ।
ਨੌਜਵਾਨਾਂ ਦੇ ਹੱਥਾਂ ‘ਤੇ ਨਸ਼ੇ ਵਾਲੀਆਂ ਸਰਿੰਜਾਂ ਲੱਗੀਆਂ ਸਨ। ਲਾਸ਼ਾਂ 2 ਜਾਂ 3 ਦਿਨ ਪੁਰਾਣੀਆਂ ਹਨ । ਮੌਕੇ ‘ਤੇ ਟਾਂਡਾ ਪੁਲਿਸ ਨੂੰ ਸੂਚਨਾ ਦਿੱਤੀ ਗਈ । ਸੂਚਨਾ ਮਿਲਣ ‘ਤੇ ਐਸਐਚਓ ਟਾਂਡਾ ਮਲਕੀਅਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।