ਬਰਨਾਲਾ (ਕਮਲਜੀਤ ਸੰਧੂ) | ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਮਾਰ ਕੇ ਕਤਲ ਕਰਕੇ ਕਮਰੇ ਨੂੰ ਬਾਹਰੋਂ ਜਿੰਦਾ ਲਾ ਦਿੱਤਾ ਤੇ ਫਰਾਰ ਹੋ ਗਿਆ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਬੱਚੇ ਸਕੂਲੋਂ ਘਰ ਵਾਪਸ ਆਏ ਤਾਂ ਮਾਂ ਦੀ ਲਾਸ਼ ਦੇਖ ਕੇ ਸੁੰਨ ਰਹਿ ਗਏ।

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਤੇ ਥਾਣਾ ਸਿਟੀ-1 ਦੇ ਪੁਲਿਸ ਅਧਿਕਾਰੀ ਲਖਵਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਮ੍ਰਿਤਕਾ ਦੇ ਬੱਚਿਆਂ ਨੇ ਦੱਸਿਆ ਕਿ ਅਸੀਂ ਸਕੂਲ ਗਏ ਹੋਏ ਸੀ, ਜਦੋਂ ਵਾਪਸ ਆਏ ਤਾਂ ਕਮਰੇ ਨੂੰ ਬਾਹਰੋਂ ਜਿੰਦਾ ਲੱਗਾ ਹੋਇਆ ਸੀ। ਅਸੀਂ ਜਿੰਦਾ ਖੋਲ੍ਹਿਆ ਤਾਂ ਸਾਡਾ ਮੰਮੀ ਦੀ ਲਾਸ਼ ਬੈੱਡ ‘ਤੇ ਖੂਨ ਨਾਲ ਲਥਪਥ ਪਈ ਸੀ। ਉਸ ਦੇ ਗਲ਼ ‘ਤੇ ਸੂਏ ਨਾਲ ਵਾਰ ਕੀਤੇ ਗਏ ਸਨ। ਸਾਡਾ ਪਿਤਾ ਨਸ਼ੇੜੀ ਹੈ, ਜਿਸ ਕਾਰਨ ਘਰ ‘ਚ ਕਲੇਸ਼ ਰਹਿੰਦਾ ਸੀ। ਪਿਤਾ ਮੰਮੀ ਦਾ ਕਤਲ ਕਰਕੇ ਬਾਹਰੋਂ ਜਿੰਦਾ ਲਾ ਕੇ ਫਰਾਰ ਹੋ ਗਿਆ।

ਮੌਕੇ ‘ਤੇ ਡਿਊਟੀ ਅਧਿਕਾਰੀ ਨੇ ਦੱਸਿਆ ਕਿ ਵਿਆਹੁਤਾ ਦਾ ਨਾਂ ਦਲਜੀਤ ਕੌਰ (30) ਹੈ, ਜਾਂਚ ਕੀਤੀ ਜਾ ਰਹੀ ਹੈ, ਪਰਿਵਾਰ ਦੇ ਬਿਆਨਾਂ ਦੇ ਆਧਾਰ’ ਤੇ ਮਾਮਲਾ ਦਰਜ ਕੀਤਾ ਜਾਵੇਗਾ।