ਚੰਡੀਗੜ੍ਹ, 22 ਜਨਵਰੀ | ਜਿਹੜੇ ਵਾਹਨ ਮਾਲਕਾਂ ਵਿਰੁੱਧ ਪੰਜ ਜਾਂ ਵੱਧ ਚਲਾਨ ਬਕਾਇਆ ਹਨ, ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਮੁਅੱਤਲ ਕਰ ਦਿਤੇ ਜਾਣਗੇ।

ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੇ ਇੰਚਾਰਜ ਪ੍ਰਦੁਮਨ ਸਿੰਘ ਦੇ ਅਨੁਸਾਰ ਸ਼ਹਿਰ ‘ਚ ਅਜੇ ਵੀ 7.5 ਲੱਖ ਤੋਂ ਵੱਧ ਚਲਾਨ ਬਕਾਇਆ ਹਨ, ਜੋ ਟ੍ਰੈਫ਼ਿਕ ਉਲੰਘਣਾਵਾਂ ਦੀ ਇਕ ਗੰਭੀਰ ਸਮੱਸਿਆ ਨੂੰ ਉਜਾਗਰ ਕਰਦੇ ਹਨ। ਜਿਨ੍ਹਾਂ ਵਿਚ ਟ੍ਰੈਫ਼ਿਕ ਉਲੰਘਣਾਵਾਂ ਜਿਵੇਂ ਤੇਜ਼ ਰਫ਼ਤਾਰ, ਲਾਲ ਬੱਤੀਆਂ ਟੱਪਣਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣੇ ਚਲਾਨ ਭਰਨ ‘ਚ ਅਸਫ਼ਲ ਰਹਿੰਦੇ ਹਨ।

ਇਸ ਮੁੱਦੇ ਨੂੰ ਹੱਲ ਕਰਨ ਲਈ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਸ ਵਿਚ ਉਨ੍ਹਾਂ ਨੂੰ ਆਪਣੇ ਬਕਾਇਆ ਜੁਰਮਾਨੇ ਦਾ ਭੁਗਤਾਨ ਕਰਨ ਲਈ 15 ਦਿਨਾਂ ਦੀ ਸਮਾਂ ਸੀਮਾ ਦਿੱਤੀ ਜਾਵੇਗੀ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਦੇ ਵਾਹਨ ਦੀ ਆਰਸੀ ਵੀ ਮੁਅੱਤਲ ਕਰ ਦਿਤੀ ਜਾਵੇਗੀ।

ਪ੍ਰਸ਼ਾਸਨ ਵੱਲੋਂ ਇਹ ਕਦਮ ਚੰਡੀਗੜ੍ਹ ਵਿਚ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।